ਇਹ ਪ੍ਰਵਾਨ ਹੋਣ ਯੋਗ ਨਹੀਂ ਕਿ ਬੱਚਿਆਂ ਨੂੰ ਬਾਹਰ ਖੇਡਣ ਸਮੇ ਮਾਸਕ ਪਹਿਨਣਾ ਪਏ : ਜਸਟਿਸ ਵਿਕਰਮ ਨਾਥ
Sunday, Mar 30, 2025 - 12:54 AM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਦੇ ਮਾਣਯੋਗ ਜੱਜ ਜਸਟਿਸ ਵਿਕਰਮ ਨਾਥ ਨੇ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਰਬਨ ਦੀ ਨਿਕਾਸੀ ’ਤੇ ਰੋਕ ਲਾਉਣ ਤੇ ਹਰੀ ਤਕਨਾਲੋਜੀ ’ਚ ਨਿਵੇਸ਼ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ਼ਨੀਵਾਰ ਕਿਹਾ ਕਿ ਬੱਚਿਆਂ ਦਾ ਅਜਿਹੇ ਵਾਤਾਵਰਣ ’ਚ ਵੱਡਾ ਹੋਣਾ ਪੁ੍ਵਾਨ ਹੋਣ ਯੋਗ ਜਿੱਥੇ ਉਨ੍ਹਾਂ ਨੂੰ ਖੇਡਣ ਲਈ ਵੀ ਮਾਸਕ ਪਹਿਨਣ ਦੀ ਲੋੜ ਹੋਵੇ।
ਜਸਟਿਸ ਨਾਥ ਨੇ ਕਿਹਾ ਕਿ ਆਰਥਿਕ ਵਿਕਾਸ ਤੇ ਵਾਤਾਵਰਣ ਦੀ ਭਲਾਈ ਦਰਮਿਆਨ ਸੰਤੁਲਨ ਬਣਾਉਣ ਵਾਲੇ ਹੱਲ ਲੱਭਣ ਦੀ ਲੋੜ ਹੈ । ਸਰਕਾਰੀ ਨੀਤੀਆਂ ਨੂੰ ਹਰੀ ਤਕਨਾਲੋਜੀ ’ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ।
ਜਸਟਿਸ ਨਾਥ ਨੇ ਇਹ ਟਿੱਪਣੀ ਇੱਥੇ ਵਿਗਿਆਨ ਭਵਨ ’ਚ ਵਾਤਾਵਰਣ ਬਾਰੇ ਰਾਸ਼ਟਰੀ ਸੰਮੇਲਨ-2025 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਅਕਸਰ ਬਹੁਤ ਜ਼ਿਆਦਾ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋ ਸਕਦੇ ਹਾਂ ਕਿ ਸਾਡੇ ਬੱਚਿਆਂ ਲਈ ਅਜਿਹੇ ਮਾਹੌਲ ’ਚ ਵੱਡੇ ਹੋਣਾ ਠੀਕ ਨਹੀਂ ਹੈ ਜਿੱਥੇ ਉਨ੍ਹਾਂ ਨੂੰ ਬਾਹਰ ਖੇਡਣ ਲਈ ਮਾਸਕ ਪਹਿਨਣ ਦੀ ਲੋੜ ਹੋਵੇ ਜਾਂ ਛੋਟੀ ਉਮਰ ’ਚ ਹੀ ਸਾਹ ਦੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਹੋਵੇ।
ਉਨ੍ਹਾਂ ਕਿਹਾ ਕਿ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸੰਕੇਤ ਹੈ ਕਿ ਸਾਨੂੰ ਨਿਕਾਸ ਨੂੰ ਰੋਕਣ ਲਈ ਇਕੱਠੇ ਹੋਣਾ ਚਾਹੀਦਾ ਹੈ, ਸਾਫ਼ ਤਕਨਾਲੋਜੀਆਂ ’ਚ ਨਿਵੇਸ਼ ਕਰਨਾ ਚਾਹੀਦਾ ਹੈ । ਸਾਨੂੰ ਟਿਕਾਊ ਆਵਾਜਾਈ ਦੇ ਬਦਲਾਂ ਬਾਰੇ ਵੀ ਸੋਚਣਾ ਚਾਹੀਦਾ ਹੈ।