ਅਧਿਆਪਕ ਨੇ ਘਰ ਬਾਹਰ ਖੇਡਦੇ ਬੱਚਿਆਂ ''ਤੇ ਚਲਾ''ਤੀਆਂ ਗੋਲ਼ੀਆਂ ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
Saturday, Feb 21, 2026 - 01:33 PM (IST)
ਕੋਲਕਾਤਾ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਨੀਪੁਰ ਪਿੰਡ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ ਖੇਡ ਰਹੇ ਬੱਚਿਆਂ ਦੇ ਸਮੂਹ 'ਤੇ ਕਥਿਤ ਤੌਰ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਇਸ ਮਾਮਲੇ 'ਚ ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਕ ਬੱਚਾ ਹੋਇਆ ਜ਼ਖਮੀ
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਸਮੀਰ ਕੁਮਾਰ ਮੰਡਲ ਵਜੋਂ ਹੋਈ ਹੈ, ਜੋ ਓਮਪੁਰ ਪ੍ਰਾਇਮਰੀ ਸਕੂਲ 'ਚ ਅਧਿਆਪਕ ਹੈ। ਸ਼ੁੱਕਰਵਾਰ ਸ਼ਾਮ ਨੂੰ ਮੰਡਲ ਦੇ ਘਰ ਦੇ ਨੇੜੇ ਇਕ ਖੁੱਲ੍ਹੇ ਮੈਦਾਨ 'ਚ 10 ਤੋਂ 12 ਬੱਚੇ ਕ੍ਰਿਕਟ ਅਤੇ ਫੁੱਟਬਾਲ ਖੇਡ ਰਹੇ ਸਨ। ਖੇਡ ਦੇ ਦੌਰਾਨ ਗੇਂਦ ਕਈ ਵਾਰ ਅਧਿਆਪਕ ਦੇ ਘਰ ਦੇ ਦਰਵਾਜ਼ੇ ਅਤੇ ਕੰਧ ਨਾਲ ਟਕਰਾਈ। ਇਸ ਗੱਲ ਤੋਂ ਗੁੱਸੇ 'ਚ ਆ ਕੇ ਮੰਡਲ ਆਪਣੀ ਛੱਤ 'ਤੇ ਚੜ੍ਹ ਗਿਆ ਅਤੇ ਬੱਚਿਆਂ 'ਤੇ 'ਐਡਵਾਂਸਡ ਏਅਰ ਗਨ' ਨਾਲ 5 ਤੋਂ 6 ਰਾਊਂਡ ਫਾਇਰ ਕੀਤੇ। ਇਸ ਘਟਨਾ 'ਚ ਇਕ ਬੱਚਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੇ ਸਮੇਂ ਮੌਜੂਦ ਇਕ ਬੱਚੇ ਨੇ ਦੱਸਿਆ ਕਿ ਗੋਲੀਆਂ ਉਨ੍ਹਾਂ ਦੇ ਕੰਨਾਂ ਅਤੇ ਸਿਰ ਦੇ ਉੱਪਰੋਂ ਲੰਘੀਆਂ, ਜਿਸ ਕਾਰਨ ਉਹ ਬਹੁਤ ਡਰ ਗਏ ਸਨ।
ਟੀਚਰ ਨੇ ਕਬੂਲੀ ਗੋਲੀ ਚਲਾਉਣ ਦੀ ਗੱਲ
ਰਘੁਨਾਥਗੰਜ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਧਿਆਪਕ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਰਤਿਆ ਗਿਆ ਹਥਿਆਰ ਲਾਇਸੈਂਸੀ ਸੀ ਜਾਂ ਨਹੀਂ, ਹਾਲਾਂਕਿ ਮੰਡਲ ਦੇ ਪਰਿਵਾਰ ਦਾ ਦਾਅਵਾ ਹੈ ਕਿ ਇਹ ਕਾਨੂੰਨੀ ਤੌਰ 'ਤੇ ਖਰੀਦਿਆ ਗਿਆ ਸੀ। ਪੁਲਸ ਹਿਰਾਸਤ 'ਚ ਮੰਡਲ ਨੇ ਗੋਲੀ ਚਲਾਉਣ ਦੀ ਗੱਲ ਕਬੂਲ ਕੀਤੀ ਹੈ ਪਰ ਉਸ ਦਾ ਕਹਿਣਾ ਹੈ ਕਿ ਉਸ ਨੇ ਹਵਾ 'ਚ ਗੋਲੀ ਚਲਾਈ ਸੀ ਅਤੇ ਬੱਚਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ। ਦੂਜੇ ਪਾਸੇ, ਜ਼ਖਮੀ ਬੱਚੇ ਦੇ ਪਿਤਾ ਨੇ ਇਸ ਘਟਨਾ 'ਤੇ ਸਖਤ ਇਤਰਾਜ਼ ਜਤਾਉਂਦਿਆਂ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
