ਬਿਲਕਿਸ ਬਾਨੋ ਜਬਰ ਜ਼ਿਨਾਹ ਮਾਮਲਾ : ਇਕ ਦੋਸ਼ੀ ਨੇ ਕਿਹਾ, "ਅਸੀਂ ਰਾਜਨੀਤੀ ਦਾ ਸ਼ਿਕਾਰ ਹੋਏ"

08/16/2022 8:23:25 PM

ਨੈਸ਼ਨਲ ਡੈਸਕ : 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਸ ਬਾਨੋ ਦੇ ਸਾਮੂਹਿਕ ਜਬਰ ਜ਼ਿਨਾਹ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਦੇ ਮਾਮਲੇ 'ਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਇਕ ਦੋਸ਼ੀ ਸ਼ੈਲੇਸ਼ ਭੱਟ ਨੇ ਦਾਅਵਾ ਕੀਤਾ ਹੇ ਕਿ ਉਹ ਤੇ 10 ਹੋਰ ਦੋਸ਼ੀ ਰਾਜਨੀਤੀ ਦਾ ਸ਼ਿਕਾਰ ਹੋਏ ਹਨ। 63 ਸਾਲਾ ਭੱਟ ਨੇ ਕਿਹਾ ਕਿ ਗ੍ਰਿਫ਼ਤਾਰੀ ਦੇ ਸਮੇਂ ਉਹ ਭਾਜਪਾ ਦਾ ਸਥਾਨਕ ਕਾਰਜਕਾਰੀ ਸੀ। ਉਸ ਨੇ ਕਿਹਾ ਕਿ ਉਹ, ਉਸ ਦਾ ਭਰਾ, ਮਿਤੇਸ਼ ਤੇ ਬਾਕੀ ਦੋਸ਼ੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੁਜਰਾਤ ਦੇ ਦਾਹੋਦ ਜ਼ਿਲ੍ਹੇ ਦੇ ਪਿੰਡ ਸਿੰਗੋਰ ਲਈ ਰਵਾਨਾ ਹੋਏ। 

ਇਸ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ 11 ਦੋਸ਼ੀਆਂ ਨੂੰ 15 ਸਾਲ ਤੋਂ ਵੱਧ ਸਮਾਂ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਸੋਮਵਾਰ ਨੂੰ ਗੁਜਰਾਤ ਸਰਕਾਰ ਨੇ ਮਾਫ਼ੀ ਨੀਤੀ ਤਹਿਤ ਰਿਹਾਅ ਕੀਤਾ। ਮੰਗਲਵਾਰ ਨੂੰ ਪਿੰਡ ਪਹੁੰਚਣ 'ਤੇ ਲੋਕਾਂ ਵੱਲੋਂ ਕੋਈ ਖ਼ਾਸ ਪ੍ਰਤੀਕਿਰਿਆ ਨਹੀਂ ਮਿਲੀ। ਸ਼ੈਲੇਸ਼ ਭੱਟ ਨੇ ਦੱਸਿਆ ਸਿੰਗੋਰ ਇਕ ਛੋਟਾ ਜਿਹਾ ਪਿੰਡ ਹੈ ਤੇ ਸਾਰੇ ਦੋਸ਼ੀ ਇਸੇ ਪਿੰਡ ਦੇ ਰਹਿਣ ਵਾਲੇ ਹਨ। ਅਸੀਂ ਸਾਰੇ ਰਾਜਨੀਤੀ ਦਾ ਸ਼ਿਕਾਰ ਹੋਏ ਹਾਂ। ਭੱਟ ਨੇ ਕਿਹਾ ਕਿ ਉਹ ਇਕ ਕਿਸਾਨ ਸੀ ਤੇ ਗ੍ਰਿਫ਼ਤਾਰੀ ਵੇਲੇ ਭਾਜਪਾ ਦੀ ਜ਼ਿਲ੍ਹਾ ਇਕਾਈ ਦਾ ਅਹੁਦੇਦਾਰ ਵੀ ਸੀ ਜਦਕਿ ਉਸ ਦਾ ਭਰਾ ਪੰਚਮਹਲ ਡੇਅਰੀ 'ਚ ਕਲਰਕ ਵਜੋਂ ਕੰਮ ਕਰਦਾ ਸੀ।
ਭੱਟ ਨੇ ਕਿਹਾ ਸਾਨੂੰ 2004 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ 18 ਸਾਲ ਤੋਂ ਵੱਧ ਸਮਾਂ ਜੇਲ੍ਹ 'ਚ ਰਹੇ। ਉਸ ਨੇ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਘਰ 'ਚ ਰਹਿਣਾ ਚੰਗਾ ਲੱਗਦਾ ਹੈ।

ਇਹ ਵੀ ਪੜ੍ਹੋ : ਸਿੱਖ ਜਥੇਬੰਦੀਆਂ ਨੇ ਕੱਢਿਆ ਖ਼ਾਲਸਾਈ ਮਾਰਚ, ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਆਵਾਜ਼ ਬੁਲੰਦ

ਭੱਟ ਨੇ ਕਿਹਾ ਕਿ 2007 ਚ ਉਹ ਜੇਲ੍ਹ ਚ ਸੀ ਜਦੋਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਅਦਾਲਤ ਨੇ ਉਸ ਨੂੰ ਅੰਤਿਮ ਸੰਸਕਾਰ ਕਰਨ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਜ਼ਿਕਰਯੋਗ ਹੈ ਕਿ 2002 'ਚ ਗੋਧਰਾ 'ਚ ਸਾਬਰਮਤੀ ਐਕਸਪ੍ਰੈਸ ਟ੍ਰੇਨ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਭੜਕੀ ਹਿੰਸਾ ਤੋਂ ਬਚਣ ਦੌਰਾਨ ਬਿਲਕਿਸ ਬਾਨੋ ਨਾਲ ਜਬਰ ਜ਼ਿਨਾਹ ਕੀਤਾ ਗਿਆ ਸੀ। ਉਸ ਸਮੇਂ ਉਹ 21 ਸਾਲ ਦੀ ਸੀ ਤੇ ਪੰਜ ਮਹੀਨੇ ਦੀ ਗਰਭਵਤੀ ਸੀ। ਉਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਕ ਹੋਰ ਦੋਸ਼ੀ ਰਾਧੇ ਸ਼ਿਆਮ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਸੀ ਕਿ ਕਿਸੇ ਖ਼ਾਸ ਵਿਚਾਰਧਾਰਾ ਨਾਲ ਜੁੜੇ ਹੋਣ ਕਾਰਨ ਸਾਨੂੰ ਫਸਾਇਆ ਗਿਆ ਸੀ। ਉਸ ਨੇ ਕਿਹਾ ਕਿ ਇਕ ਦੋਸ਼ੀ ਦੀ ਸੁਨਵਾਈ ਦੌਰਾਨ ਮੌਤ ਹੋ ਗਈ ਸੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Anuradha

Content Editor

Related News