ਸ਼ਿਮਲਾ 'ਚ ਪਾਣੀ ਦੀ ਘਾਟ ਨਾਲ 2018 ਦੇ ਜਲ ਸੰਕਟ ਦੀਆਂ ਯਾਦਾਂ ਹੋਈਆਂ ਤਾਜ਼ੀਆਂ

Saturday, Jun 25, 2022 - 02:18 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਪਿਛਲੇ ਪੰਦਰਵਾੜੇ ਤੋਂ ਪਾਣੀ ਦੀ ਕਿੱਲਤ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਸ਼ਿਮਲਾ ਵਿਚ ਚਾਰ ਸਾਲ ਪਹਿਲਾਂ 2018 'ਚ ਆਏ ਸਭ ਤੋਂ ਭਿਆਨਕ ਜਲ ਸੰਕਟ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਇਸ ਜਲ ਸੰਕਟ ਲਈ ਸ਼ਿਮਲਾ ਨੂੰ ਘੱਟ ਮੀਂਹ, ਵੱਡੀ ਗਿਣਤੀ 'ਚ ਸੈਲਾਨੀਆਂ ਦੀ ਆਮਦ ਅਤੇ ਜਲ ਸਪਲਾਈ ਵੰਡ ਨੈੱਟਵਰਕ ਦੀਆਂ ਪਾਈਪਾਂ 'ਚ ਲੀਕੇਜ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸ਼ਿਮਲਾ ਮਿਊਂਸੀਪਲ ਕਾਰਪੋਰੇਸ਼ਨ (ਐੱਸ.ਐੱਮ.ਸੀ.) ਅਤੇ ਸ਼ਿਮਲਾ ਜਲ ਪ੍ਰਬੰਧਨ ਨਿਗਮ ਲਿਮਿਟੇਡ (ਐੱਸ.ਜੇ.ਪੀ.ਐੱਨ.ਐੱਲ.) ਨੇ ਦਾਅਵਾ ਕੀਤਾ ਕਿ ਇਕ ਦਿਨ ਨੂੰ ਛੱਡ ਕੇ ਹਰ ਰੋਜ਼ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਪਰ ਟੂਟੂ ਅਤੇ ਕੈਥੂ ਸਮੇਤ ਸ਼ਹਿਰ ਦੇ ਕਈ ਇਲਾਕਿਆਂ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ-ਤਿੰਨ ਦਿਨਾਂ 'ਚ ਇਕ ਵਾਰ ਪਾਣੀ ਮਿਲ ਰਿਹਾ ਹੈ। ਸ਼ਿਮਲਾ ਵਿਚ ਪਾਣੀ ਵਰਗੇ ਜ਼ਰੂਰੀ ਵਸੀਲੇ ਦੀ ਘਾਟ ਕਾਰਨ ਸਿਆਸੀ ਇਲਜ਼ਾਮਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ : ਪਾਣੀ ਦਾ ਰੇਟ ਵਧਾਉਣ ਦੀ ਤਿਆਰੀ ’ਚ ਹਰਿਆਣਾ ਸਰਕਾਰ, ਇਹ ਹੈ ਪਿੱਛੇ ਦੀ ਵਜ੍ਹਾ

ਵਿਰੋਧੀ ਧਿਰ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਕਪਾ) ਨੇ ਮੌਜੂਦਾ ਸਥਿਤੀ ਲਈ ਅਧਿਕਾਰੀਆਂ ਦੇ ਕੁਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੇਵਾਮੁਕਤ ਹੋਣ ਵਾਲੇ ਐੱਸ.ਜੇ.ਪੀ.ਐੱਨ.ਐੱਲ. ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਡਾ. ਧਰਮਿੰਦਰ ਗਿੱਲ ਨੇ ਹਾਲ ਹੀ 'ਚ ਦੱਸਿਆ ਕਿ ਸਪਲਾਈ ਕੀਤੇ ਜਾਣ ਵਾਲੇ ਪਾਣੀ ਦਾ ਇਕ ਚੌਥਾਈ ਤੋਂ ਵੱਧ ਹਿੱਸਾ ਪੁਰਾਣੀਆਂ ਪਾਈਪਾਂ ਕਾਰਨ ਲੀਕ ਹੋ ਰਿਹਾ ਹੈ। ਕਾਂਗਰਸੀ ਆਗੂ ਅਤੇ ਸ਼ਿਮਲਾ ਦੇ ਸਾਬਕਾ ਮੇਅਰ ਆਦਰਸ਼ ਸੂਦ ਨੇ ਦਾਅਵਾ ਕੀਤਾ ਕਿ ਰਾਜਧਾਨੀ ਦੇ ਕਈ ਖੇਤਰਾਂ ਵਿਚ ਹਰ ਤਿੰਨ-ਚਾਰ ਦਿਨਾਂ 'ਚ ਇਕ ਵਾਰ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਕਿਉਂਕਿ ਐੱਸ.ਐੱਮ.ਸੀ. ਅਤੇ ਐੱਸ.ਜੇ.ਪੀ.ਐੱਨ.ਐੱਲ. ਪਾਈਪਾਂ ਵਿਚ ਲੀਕੇਜ ਨੂੰ ਪੂਰਾ ਕਰਨ 'ਚ ਅਸਫ਼ਲ ਰਹੇ ਹਨ। 2018 ਵਿਚ ਸ਼ਿਮਲਾ 'ਚ ਕਈ ਦਿਨਾਂ ਤੱਕ ਪਾਣੀ ਦੀ ਕਮੀ ਰਹੀ। ਪਾਣੀ ਦੀ ਉਪਲਬਧਤਾ ਉਸ ਸਮੇਂ ਦੀ ਔਸਤ 37-38 ਐੱਮ.ਐੱਲ.ਡੀ. (ਮਿਲੀਅਨ ਲੀਟਰ ਰੋਜ਼ਾਨਾ) ਦੇ ਮੁਕਾਬਲੇ ਘੱਟ ਕੇ 18 ਐੱਮ.ਐੱਲ.ਡੀ. ਰਹਿ ਗਈ ਸੀ। ਸੰਕਟ ਇਸ ਹੱਦ ਤੱਕ ਵਧ ਗਿਆ ਕਿ ਬਹੁਤ ਸਾਰੇ ਹੋਟਲ ਮਾਲਕਾਂ ਨੇ ਸੈਲਾਨੀਆਂ ਨੂੰ ਸਮੱਸਿਆ ਦਾ ਹੱਲ ਹੋਣ ਤੱਕ ਸ਼ਿਮਲਾ ਨਾ ਜਾਣ ਦੀ ਸਲਾਹ ਦਿੱਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News