ਚੰਦਰਯਾਨ-1 ਦੇ ਅੰਕੜਿਆਂ ਤੋਂ ਮਿਲੀ ਵੱਡੀ ਜਾਣਕਾਰੀ, ਧਰਤੀ ਦੀ ਵਜ੍ਹਾ ਨਾਲ ਚੰਦਰਮਾ ’ਤੇ ਬਣ ਰਿਹੈ ਪਾਣੀ

Saturday, Sep 16, 2023 - 11:04 AM (IST)

ਚੰਦਰਯਾਨ-1 ਦੇ ਅੰਕੜਿਆਂ ਤੋਂ ਮਿਲੀ ਵੱਡੀ ਜਾਣਕਾਰੀ, ਧਰਤੀ ਦੀ ਵਜ੍ਹਾ ਨਾਲ ਚੰਦਰਮਾ ’ਤੇ ਬਣ ਰਿਹੈ ਪਾਣੀ

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਚੰਦਰਮਾ ਮਿਸ਼ਨ ‘ਚੰਦਰਯਾਨ-1’ ਤੋਂ ਪ੍ਰਾਪਤ ਰਿਮੋਟ ਸੈਂਸਿੰਗ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਵਿਗਿਆਨੀਆਂ ਨੇ ਪਾਇਆ ਹੈ ਕਿ ਧਰਤੀ ਦੇ ਉੱਚ-ਊਰਜਾ ਵਾਲੇ ਇਲੈਕਟ੍ਰੋਨ ਸੰਭਵ ਹੈ ਕਿ ਚੰਦਰਮਾ ’ਤੇ ਪਾਣੀ ਬਣਾ ਰਹੇ ਹਨ। ਅਮਰੀਕਾ ਦੀ ਹਵਾਈ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਅਗਵਾਈ ਵਾਲੀ ਇਕ ਟੀਮ ਨੇ ਪਾਇਆ ਹੈ ਕਿ ਧਰਤੀ ਦੇ ਪਲਾਜ਼ਮਾ ਕਵਰ ’ਚ ਮੌਜੂਦ ਇਹ ਇਲੈਕਟ੍ਰੋਨ ਚੰਦਰਮਾ ਦੀ ਸਤ੍ਹਾ ’ਤੇ ਮੌਸਮੀ ਪ੍ਰਕਿਰਿਆ ’ਚ ਵੀ ਦਖਲ ਦੇ ਰਹੇ ਹਨ, ਜਿਨ੍ਹਾਂ ’ਚ ਚੱਟਾਨਾਂ ਅਤੇ ਖਣਿਜਾਂ ਦਾ ਟੁੱਟਣਾ ਜਾਂ ਵਿਗੜਣਾ ਸ਼ਾਮਲ ਹੈ। ‘ਨੇਚਰ ਐਸਟ੍ਰੋਨੌਮੀ’ ਜਰਨਲ ’ਚ ਪ੍ਰਕਾਸ਼ਿਤ ਖੋਜ ’ਚ ਪਾਇਆ ਗਿਆ ਹੈ ਕਿ ਇਲੈਕਟ੍ਰੋਨ ਸੰਭਵਤ ਹੈ ਕਿ ਚੰਦਰਮਾ ’ਤੇ ਪਾਣੀ ਦੇ ਨਿਰਮਾਣ ’ਚ ਮਦਦ ਕਰ ਸਕਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਚੰਦਰਮਾ ’ਤੇ ਪਾਣੀ ਦੇ ਸੰਘਣੇਪਨ ਨੂੰ ਜਾਣਨਾ ਇਸ ਦੇ ਬਣਨ ਅਤੇ ਵਿਕਾਸ ਨੂੰ ਸਮਝਣ ਲਈ ਮਹੱਤਵਪੂਰਨ ਹੈ। ਚੰਦਰਯਾਨ-1 ਨੇ ਚੰਦਰਮਾ ’ਤੇ ਪਾਣੀ ਦੇ ਕਣਾਂ ਦੀ ਖੋਜ ’ਚ ਅਹਿਮ ਭੂਮਿਕਾ ਨਿਭਾਈ ਸੀ। ਸਾਲ 2008 ’ਚ ਲਾਂਚ ਕੀਤਾ ਗਿਆ ਇਹ ਮਿਸ਼ਨ ਭਾਰਤ ਦਾ ਪਹਿਲਾ ਚੰਦਰ ਮਿਸ਼ਨ ਸੀ। 

ਇਹ ਵੀ ਪੜ੍ਹੋ : ਚੰਦਰਯਾਨ ਮਗਰੋਂ ਹੁਣ ਸਮੁੰਦਰਯਾਨ, 2026 ਤੱਕ ਤਿਆਰ ਹੋਵੇਗਾ ਪ੍ਰਾਜੈਕਟ, ਜਾਣੋ ਖ਼ਾਸੀਅਤ

ਯੂ. ਐੱਚ. ਮਾਨੋਆ ਸਕੂਲ ਆਫ਼ ਓਸ਼ੀਅਨ ਦੇ ਸਹਾਇਕ ਖੋਜਕਰਤਾ ਸ਼ੁਆਈ ਲੀ ਨੇ ਕਿਹਾ,‘‘ਇਹ ਚੰਦਰਮਾ ਸਤ੍ਹਾ ਦੇ ਪਾਣੀ ਦੀਆਂ ਨਿਰਮਾਣ ਪ੍ਰਕਿਰਿਆਵਾਂ ਦਾ ਅਧਿਐਨ ਕਰਨ ਲਈ ਇਕ ਕੁਦਰਤੀ ਪ੍ਰਯੋਗਸ਼ਾਲਾ ਪ੍ਰਦਾਨ ਕਰਦਾ ਹੈ।’’ ਲੀ ਨੇ ਕਿਹਾ, ‘‘ਜਦੋਂ ਚੰਦਰਮਾ ਮੈਗਨੇਟੋਟੇਲ ਤੋਂ ਬਾਹਰ ਹੁੰਦਾ ਹੈ, ਤਾਂ ਚੰਦਰਮਾ ਦੀ ਸਤ੍ਹਾ ’ਤੇ ਸੂਰਜੀ ਹਵਾ ਦਾ ਦਬਾਅ ਹੁੰਦਾ ਹੈ। ਮੈਗਨੇਟੋਟੇਲ ਦੇ ਅੰਦਰ, ਲਗਭਗ ਕੋਈ ਸੂਰਜੀ ਹਵਾ ਪ੍ਰੋਟੋਨ ਨਹੀਂ ਹੈ ਅਤੇ ਪਾਣੀ ਦਾ ਨਿਰਮਾਣ ਲਗਭਗ ਨਾ ਹੋਣ ਦੀ ਉਮੀਦ ਸੀ।’’ ਮੈਗਨੇਟੋਟੇਲ ਇਕ ਅਜਿਹਾ ਖੇਤਰ ਹੈ ਜੋ ਚੰਦਰਮਾ ਨੂੰ ਸੂਰਜੀ ਹਵਾ ਤੋਂ ਲਗਭਗ ਪੂਰੀ ਤਰ੍ਹਾਂ ਬਚਾਉਂਦਾ ਹੈ ਪਰ ਸੂਰਜ ਦੀ ਰੌਸ਼ਨੀ ਫੋਟੋਨ ਤੋਂ ਨਹੀਂ। ਸ਼ੁਆਈ ਲੀ ਅਤੇ ਉਸ ਦੇ ਸਹਿ-ਲੇਖਕਾਂ ਨੇ 2008 ਅਤੇ 2009 ਦੇ ਦਰਮਿਆਨ ਭਾਰਤ ਦੇ ਚੰਦਰਯਾਨ 1 ਮਿਸ਼ਨ ’ਤੇ ਇਕ ਇਮੇਜਿੰਗ ਸਪੈਕਟਰੋਮੀਟਰ, ਮੂਨ ਮਿਨਰਲੌਜੀ ਮੈਪਰ ਡਿਵਾਈਸ ਵੱਲੋਂ ਇਕੱਤਰ ਕੀਤੇ ਰਿਮੋਟ ਸੈਂਸਿੰਗ ਡਾਟਾ ਦਾ ਵਿਸ਼ਲੇਸ਼ਣ ਕੀਤਾ ਹੈ। ਲੀ ਨੇ ਕਿਹਾ, ‘‘ਮੈਨੂੰ ਹੈਰਾਨੀ ਹੋਈ, ਰਿਮੋਟ ਸੈਂਸਿੰਗ ਨਿਰੀਖਣਾਂ ਤੋਂ ਪਤਾ ਲੱਗਾ ਕਿ ਧਰਤੀ ਦੇ ਮੈਗਨੇਟੋਟੇਲ ’ਚ ਪਾਣੀ ਦਾ ਨਿਰਮਾਣ ਲਗਭਗ ਉਸ ਸਮੇਂ ਦੇ ਬਰਾਬਰ ਹੈ ਜਦੋਂ ਚੰਦਰਮਾ ਧਰਤੀ ਦੇ ਮੈਗਨੇਟੋਟੇਲ ਤੋਂ ਬਾਹਰ ਸੀ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News