ਮੇਰਠ ''ਚ ਬਣੇਗਾ ਦੇਸ਼ ਦਾ ਪਹਿਲਾ ''ਵਾਰ ਮੈਮੋਰੀਅਲ'', ਦਰਜ ਹੋਣਗੇ ਜਾਨਵਰਾਂ ਦੇ ਨਾਂ

01/23/2020 1:56:34 PM

ਮੇਰਠ— ਦੇਸ਼ ਵਿਚ ਪਹਿਲੀ ਵਾਰ ਕਿਸੇ 'ਵਾਰ ਮੈਮੋਰੀਅਲ' ਵਿਚ ਦੇਸ਼ ਲਈ ਜਾਨ ਗਵਾਉਣ ਵਾਲੇ ਜਾਨਵਰਾਂ ਦੇ ਨਾਂ ਦਰਜ ਹੋਣਗੇ। ਉੱਤਰ ਪ੍ਰਦੇਸ਼ ਦੇ ਮੇਰਠ 'ਚ ਜਲਦੀ ਹੀ ਇਕ ਅਜਿਹਾ ਵਾਰ ਮੈਮੋਰੀਅਲ ਦੇਖਣ ਨੂੰ ਮਿਲੇਗਾ। ਇੱਥੇ 300 ਕੁੱਤਿਆਂ, ਕੁਝ ਘੋੜੇ ਅਤੇ ਖੱਚਰਾਂ ਦੇ ਨਾਂ ਲਿਖੇ ਜਾਣਗੇ। ਇਹ ਦੇਸ਼ ਦਾ ਪਹਿਲਾ ਅਜਿਹਾ ਵਾਰ ਮੈਮੋਰੀਅਲ ਹੋਵੇਗਾ, ਜੋ ਜਾਨਵਰਾਂ ਲਈ ਹੋਵੇਗਾ। ਇਹ ਮੈਮੋਰੀਅਲ ਮੇਰਠ ਸਥਿਤ ਰਿਮਾਊਂਟ ਐਂਡ ਵੈਟਰਨਰੀ ਕੋਰ ਸੈਂਟਰਲ ਐਂਡ ਕਾਲਜ 'ਚ ਤਿਆਰ ਹੋਵੇਗਾ। ਮੈਮੋਰੀਅਲ 'ਚ ਉਨ੍ਹਾਂ ਵਾਰ ਹੀਰੋਜ਼ ਨੂੰ ਥਾਂ ਦਿੱਤੀ ਜਾਵੇਗੀ, ਜਿਨ੍ਹਾਂ ਨੇ ਸਾਲ 2016 'ਚ ਕਸ਼ਮੀਰ 'ਚ ਆਪਣੀ ਜਾਨ ਗਵਾਈ ਸੀ। ਇਸ ਤੋਂ ਇਲਾਵਾ ਸਾਲ 1999 'ਚ ਕਾਰਗਿਲ ਦੀ ਜੰਗ 'ਚ ਆਪਣੀ ਬਹਾਦਰੀ ਦਾ ਪਰਿਚੈ ਦਿੱਤਾ ਸੀ, ਉਨ੍ਹਾਂ ਦੇ ਨਾਂ ਸ਼ਾਮਲ ਹੋਣਗੇ।  

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਮੈਮੋਰੀਅਲ ਨੂੰ ਬਣਾਉਣ ਲਈ ਮੇਰਠ 'ਚ ਜ਼ਮੀਨ ਪਛਾਣ ਕਰ ਲਈ ਗਈ ਹੈ ਅਤੇ ਡਿਜ਼ਾਈਨ 'ਤੇ ਵੀ ਫੈਸਲਾ ਲੈ ਲਿਆ ਗਿਆ ਹੈ। ਮੈਮੋਰੀਅਲ 'ਚ ਕਰੀਬ 300 ਕੁੱਤਿਆਂ, 350 ਹੈਂਡਲਰ, ਕੁਝ ਘੋੜੇ ਅਤੇ ਖੱਚਰਾਂ ਦੇ ਨਾਂ ਅਤੇ ਸੇਵਾ ਨੰਬਰ ਲਿਖੇ ਜਾਣਗੇ। ਇਸ ਵਾਰ ਮੈਮੋਰੀਅਲ ਦਾ ਮਕਸਦ ਉਨ੍ਹਾਂ ਜਾਨਵਰਾਂ ਨੂੰ ਸਨਮਾਨ ਦੇਣਾ ਹੈ, ਜਿਨ੍ਹਾਂ ਨੇ ਫੌਜੀਆਂ ਨਾਲ ਜੰਗ ਦੇ ਮੈਦਾਨ ਵਿਚ ਅਸਾਧਾਰਣ ਯੋਗਦਾਨ ਦਿੱਤਾ। ਮੈਮੋਰੀਅਲ ਦਿੱਲੀ 'ਚ ਬਣੇ ਨੈਸ਼ਨਲ ਵਾਰ ਮੈਮੋਰੀਅਲ ਦੀ ਤਰਜ਼ 'ਤੇ ਹੋਵੇਗਾ ਪਰ ਛੋਟੇ ਪੱਧਰ ਦਾ ਹੋਵੇਗਾ। ਜਿਨ੍ਹਾਂ ਬਹਾਦਰ ਕੁੱਤਿਆਂ ਦੇ ਨਾਂ ਇਸ ਵਾਰ ਮੈਮੋਰੀਅਲ 'ਚ ਹੋਣਗੇ, ਉਨ੍ਹਾਂ ਵਿਚ 25 ਅਜਿਹੇ ਹਨ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਅਤੇ ਉੱਤਰੀ-ਪੂਰਬੀ 'ਚ ਅੱਤਵਾਦੀ ਵਿਰੋਧੀ ਕਾਰਵਾਈਆਂ ਦੌਰਾਨ ਆਪਣੀ ਜਾਨ ਗਵਾਈ ਹੈ। ਫੌਜ ਕੋਲ 1,000 ਕੁੱਤੇ, 5,000 ਖੱਚਰ ਅਤੇ 1500 ਘੋੜੇ ਹਨ। ਖੱਚਰਾਂ ਨੇ ਕਾਰਗਿਲ ਦੀ ਜੰਗ ਵਿਚ ਵੱਡਾ ਰੋਲ ਅਦਾ ਕੀਤਾ ਸੀ। ਉਸ ਸਮੇਂ ਕਾਰਗਿਲ ਅਤੇ ਦਰਾਸ ਦੀ 19,000 ਫੁੱਟ ਦੀਆਂ ਉੱਚੀਆਂ ਪਹਾੜੀਆਂ 'ਤੇ ਇਨ੍ਹਾਂ ਖੱਚਰਾਂ ਦੀ ਮਦਦ ਨਾਲ ਫੌਜੀਆਂ ਤਕ ਰਸਦ ਅਤੇ ਦੂਜੇ ਸਾਮਾਨਾਂ ਦੀ ਸਪਲਾਈ ਕੀਤੀ ਗਈ ਸੀ।


Tanu

Content Editor

Related News