ਆਜ਼ਮ ਖਾਨ ਨੂੰ ਝਟਕਾ! ਸ਼ੀਆ ਵਕਫ਼ ਬੋਰਡ ਨੇ ਵਕਫ਼ ਜਾਇਦਾਦਾਂ ਸ਼ਾਹੀ ਪਰਿਵਾਰ ਨੂੰ ਕੀਤੀਆਂ ਵਾਪਸ

Saturday, Apr 02, 2022 - 05:22 PM (IST)

ਆਜ਼ਮ ਖਾਨ ਨੂੰ ਝਟਕਾ! ਸ਼ੀਆ ਵਕਫ਼ ਬੋਰਡ ਨੇ ਵਕਫ਼ ਜਾਇਦਾਦਾਂ ਸ਼ਾਹੀ ਪਰਿਵਾਰ ਨੂੰ ਕੀਤੀਆਂ ਵਾਪਸ

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਸ਼ੀਆ ਵਕਫ਼ ਬੋਰਡ ਨੇ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ 'ਚ ਜੇਲ੍ਹ 'ਚ ਬੰਦ ਸਮਾਜਵਾਦੀ ਪਾਰਟੀ (ਸਪਾ) ਦੇ ਸੀਨੀਅਰ ਨੇਤਾ ਅਤੇ ਵਿਧਾਇਕ ਮੁਹੰਮਦ ਆਜ਼ਮ ਖਾਨ ਨੂੰ ਝਟਕਾ ਦਿੰਦੇ ਹੋਏ ਰਾਮਪੁਰ ਦੀਆਂ ਕਈ ਵਕਫ਼ ਜਾਇਦਾਦਾਂ ਉਨ੍ਹਾਂ ਦੇ ਕਬਜ਼ੇ 'ਚੋਂ ਲੈ ਕੇ ਸ਼ਾਹੀ ਪਰਿਵਾਰ ਨੂੰ ਵਾਪਸ ਕਰ ਦਿੱਤੀਆਂ ਹਨ। ਬੋਰਡ ਦੇ ਚੇਅਰਮੈਨ ਅਲੀ ਜ਼ੈਦੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਾਲ 2012 'ਚ ਪ੍ਰਦੇਸ਼ 'ਚ ਸਪਾ ਦੀ ਸਰਕਾਰ ਬਣਨ 'ਤੇ ਸਾਬਕਾ ਵਕਫ਼ ਮੰਤਰੀ ਆਜ਼ਮ ਖਾਨ ਵੱਲੋਂ ਰਾਮਪੁਰ ਸ਼ਾਹੀ ਪਰਿਵਾਰ ਦੀਆਂ ਕਈ ਵਕਫ਼ ਜਾਇਦਾਦਾਂ 'ਤੇ ਕਬਜ਼ਾ ਕਰ ਲਿਆ ਗਿਆ ਸੀ ਪਰ ਜਾਂਚ ਤੋਂ ਬਾਅਦ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਬੋਰਡ ਦੀ 31 ਮਾਰਚ ਨੂੰ ਹੋਈ ਆਖਰੀ ਮੀਟਿੰਗ ਵਿਚ ਲਿਆ ਗਿਆ ਸੀ।

ਜ਼ੈਦੀ ਨੇ ਦੱਸਿਆ ਕਿ ਖਾਨ ਨੇ ਆਪਣੇ ਕਾਰਜਕਾਲ ਦੌਰਾਨ ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਦੇ ਨਿਰਦੇਸ਼ ਦੇ ਕੇ ਸ਼ਾਹੀ ਪਰਿਵਾਰ ਦੀਆਂ 7 'ਅਲਾਲ ਔਲਾਦ' (ਉਤਰਾਧਿਕਾਰੀ ਆਧਾਰਿਤ) ਵਕਫ਼ ਜਾਇਦਾਦਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਖੋਹ ਲਿਆ ਸੀ, ਜਿਸ ਵਿਚ ਕਿਲਾਬੰਦ ਮਸਜਿਦ ਅਤੇ ਇਕ ਇਮਾਮਬਾਰਾ ਵੀ ਸ਼ਾਮਲ ਸੀ। ਵਸੀਮ ਖਾਨ ਨਾਮ ਦੇ ਇਕ ਬਾਹਰੀ ਵਿਅਕਤੀ ਨੂੰ ਉਨ੍ਹਾਂ ਦਾ ਮੁਤਵੱਲੀ ਬਣਾ ਦਿੱਤਾ ਸੀ। ਖਾਨ ਨੇ ਉਨ੍ਹਾਂ ਜਾਇਦਾਦਾਂ 'ਤੇ ਬਣੇ ਸ਼ੌਕਤ ਅਲੀ ਬਜ਼ਾਰ ਨੂੰ ਅਦਾਲਤ ਦਾ ਸਟੇਅ ਆਰਡਰ ਮਿਲਣ ਦੇ ਬਾਵਜੂਦ ਮਈ 2013 'ਚ ਢਾਹ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ 'ਚ ਸ਼ੀਆ ਵਕਫ਼ ਬੋਰਡ ਦੇ ਪੁਨਰਗਠਨ ਤੋਂ ਬਾਅਦ ਸ਼ਾਹੀ ਪਰਿਵਾਰ ਦੀਆਂ ਵਕਫ਼ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ਿਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਵਾਈ ਗਈ ਸੀ। ਜਿਸ ਦੀ ਰਿਪੋਰਟ ਦੇ ਆਧਾਰ 'ਤੇ ਵਸੀਮ ਖ਼ਾਨ ਨੂੰ ਹਟਾ ਕੇ ਸ਼ਾਹੀ ਪਰਿਵਾਰ ਦੀ ਬੇਗਮ ਨੂਰਬਾਨ ਦਾ ਪੋਤੇ ਹੈਦਰ ਅਲੀ ਖਾਨ ਉਰਫ਼ ਹਮਜਾ ਮਿਆਂ ਨੂੰ ਮੁਤਵੱਲੀ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਆਜ਼ਮ ਖਾਨ ਅਤੇ ਰਾਮਪੁਰ ਦੇ ਸ਼ਾਹੀ ਪਰਿਵਾਰ ਦਰਮਿਆਨ ਦੁਸ਼ਮਣੀ ਕਾਫ਼ੀ ਪੁਰਾਣੀ ਹੈ।


author

DIsha

Content Editor

Related News