ਸਵੇਰੇ-ਸਵੇਰੇ ਵੋਟਿੰਗ ਕਰਨ ਵਾਲਿਆਂ 'ਚ ਸ਼ੀਲਾ ਦੀਕਸ਼ਤ, ਗੌਤਮ ਗੰਭੀਰ

Sunday, May 12, 2019 - 09:49 AM (IST)

ਸਵੇਰੇ-ਸਵੇਰੇ ਵੋਟਿੰਗ ਕਰਨ ਵਾਲਿਆਂ 'ਚ ਸ਼ੀਲਾ ਦੀਕਸ਼ਤ, ਗੌਤਮ ਗੰਭੀਰ

ਨਵੀਂ ਦਿੱਲੀ— ਦੇਸ਼ 'ਚ ਹੋ ਰਹੀਆਂ ਆਮ ਚੋਣਾਂ 'ਚ 6ਵੇਂ ਗੇੜ 'ਚ ਰਾਸ਼ਟਰੀ ਰਾਜਧਾਨੀ ਦੀਆਂ ਸਾਰੀਆਂ 7 ਸੀਟਾਂ 'ਤੇ ਐਤਵਾਰ ਨੂੰ ਸਵੇਰੇ 7 ਵਜੇ ਸ਼ਰੂ ਹੋ ਗਈ ਅਤੇ ਵੋਟਿੰਗ ਕੇਂਦਰਾਂ 'ਤੇ ਵੋਟਰਾਂ ਦੀਆਂ ਲਾਈਨਾਂ ਦੇਖੀਆਂ ਗਈਆਂ। ਦਿੱਲੀ ਦੀਆਂ ਇਨ੍ਹਾਂ ਸੀਟਾਂ 'ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਕੇਂਦਰੀ ਮੰਤਰੀ ਹਰਸ਼ਵਰਧਨ, ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਅਹਿਮ ਚਿਹਰੇ ਹਨ। ਸਵੇਰੇ-ਸਵੇਰੇ ਵੋਟਿੰਗ ਕਰਨ ਵਾਲਿਆਂ 'ਚ ਦੀਕਸ਼ਤ, ਮਾਕਨ, ਹਰਸ਼ਵਰਧਨ, ਗੰਭੀਰ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਰਾਮਲਾਲ ਸ਼ਾਮਲ ਰਹੇ। ਚਾਂਦਨੀ ਚੌਕ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਜੇ.ਪੀ. ਅਗਰਵਾਲ ਦੇ ਬੇਟੇ ਮੁਦਿਤ ਅਗਰਵਾਲ ਨੇ ਮਟਿਆ ਮਹਿਲ ਅਤੇ ਬੱਲੀਮਾਰਾਨ ਵਿਧਾਨ ਸਭਾ ਖੇਤਰ ਦੇ ਕੁਝ ਵੋਟਿੰਗ ਕੇਂਦਰਾਂ 'ਚ ਈ.ਵੀ.ਐੱਮ. ਖਰਾਬੀ ਦਾ ਦੋਸ਼ ਲਗਾਇਆ। ਤਿਲਕ ਨਗਰ ਤੋਂ 'ਆਪ' ਦੇ ਵਿਧਾਇਕ ਜਰਨੈਲ ਸਿੰਘ ਨੇ ਵੀ ਟਵੀਟ ਕਰ ਕੇ ਇਕ ਵੋਟਿੰਗ ਕੇਂਦਰ 'ਚ ਈ.ਵੀ.ਐੱਮ. 'ਚ ਖਰਾਬੀ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਟਵੀਟ ਕੀਤਾ,''ਪੱਛਮੀ ਦਿੱਲੀ ਦੀ ਵਿਧਾਨ ਸਭਾ ਸੰਖਿਆ 29 (ਤਿਲਕ ਨਗਰ) 'ਚ ਵੋਟਿੰਗ ਕੇਂਦਰ 27 'ਚ ਇਕ ਈ.ਵੀ.ਐੱਮ. ਸਵੇਰ ਤੋਂ ਕੰਮ ਨਹੀਂ ਕਰ ਰਹੀ ਹੈ।'' ਉਨ੍ਹਾਂ ਨੇ ਆਪਣਾ ਟਵੀਟ ਚੋਣ ਕਮਿਸ਼ਨ ਨੂੰ ਟੈਗ ਕੀਤਾ ਅਤੇ ਜਲਦ ਤੋਂ ਜਲਦ ਇਸ ਨੂੰ ਠੀਕ ਕਰਨ ਦੀ ਬੇਨਤੀ ਕੀਤੀ।

7 ਲੋਕ ਸਭਾ ਖੇਤਰਾਂ 'ਚ 13,819 ਵੋਟਿੰਗ ਕੇਂਦਰ ਬਣਾਏ ਗਏ ਹਨ। 70 'ਚੋਂ ਹਰੇਕ ਵਿਧਾਨ ਸਭਾ ਖੇਤਰ 'ਚ ਇਕ ਆਦਰਸ਼ ਵੋਟਿੰਗ ਕੇਂਦਰ ਬਣਾਇਆ ਗਿਆ ਹੈ। ਇਨ੍ਹਾਂ 'ਚੋਂ 17 ਵੋਟਿੰਗ ਕੇਂਦਰਾਂ 'ਤੇ ਸਿਰਫ਼ ਮਹਿਲਾ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। 523 ਵੋਟਿੰਗ ਸਥਾਨਾਂ ਦੀ ਪਛਾਣ ਸੰਵੇਦਨਸ਼ੀਲ ਦੇ ਤੌਰ 'ਤੇ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਦਿੱਲੀ ਪੁਲਸ, ਹੋਮ ਗਾਰਡ ਅਤੇ ਨੀਮ ਫੌਜੀ ਫੋਰਸਾਂ ਦੇ 60 ਹਜ਼ਾਰ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ।


author

DIsha

Content Editor

Related News