ਵੋਟ ਪਾਉਣ ’ਤੇ ਲੱਕੀ ਡਰਾਅ ’ਚ ਵੋਟਰਾਂ ਨੇ ਜਿੱਤੀਆਂ ‘ਹੀਰੇ’ ਦੀਆਂ ਮੁੰਦਰੀਆਂ

05/10/2024 10:28:28 AM

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਦੀਆਂ ਚੋਣਾਂ ਸੰਪੰਨ ਹੋ ਚੁੱਕੀਆਂ ਹਨ। ਇਸ ਦੌਰਾਨ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਵੋਟਿੰਗ ਫੀਸਦੀ ਵਧਾਉਣ ਲਈ ਪ੍ਰਸ਼ਾਸਨ ਨੇ ਅਨੋਖਾ ਤਰੀਕਾ ਅਪਣਾਇਆ ਹੈ। ਭੋਪਾਲ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਕੱਢੇ ਗਏ ਪਹਿਲੇ ਲੱਕੀ ਡਰਾਅ ਵਿਚ ਯੱਗਗੋਜ ਸਾਹੂ ਨਾਂ ਦੇ ਵਿਅਕਤੀ ਨੇ ਹੀਰੇ ਦੀ ਮੁੰਦਰੀ ਜਿੱਤੀ ਹੈ। ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਆਨੰਦ ਵਿਹਾਰ ਸਕੂਲ ਸੈਂਟਰ ’ਚ ਪ੍ਰੇਮਵਤੀ ਕੁਸ਼ਵਾਹਾ, ਹਮੀਦੀਆ ਕਾਲਜ ਸੈਂਟਰ ’ਚ ਅਯਾਨ ਖਾਨ ਅਤੇ ਚਾਂਦਬਾਦ ਮਿਊਂਸੀਪਲ ਕਾਰਪੋਰੇਸ਼ਨ ਆਫਿਸ ਸੈਂਟਰ ’ਚ ਛਾਇਆ ਸੈਣੀ ਨੇ ਵੀ ਹੀਰੇ ਦੀ ਮੁੰਦਰੀ ਜਿੱਤੀ ਹੈ। ਪ੍ਰਸ਼ਾਸਨ ਦੇ ਇਸ ਕਦਮ ਦਾ ਮਕਸਦ ਮੱਧ ਪ੍ਰਦੇਸ਼ ਵਿਚ ਪਿਛਲੇ ਦੋ ਪੜਾਵਾਂ ਵਿਚ ਘੱਟ ਰਹੀ ਵੋਟ ਫੀਸਦੀ ਨੂੰ ਵਧਾਉਣਾ ਸੀ।

ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ’ਚ ਮੱਧ ਪ੍ਰਦੇਸ਼ ’ਚ ਲੱਗਭਗ 66 ਫੀਸਦੀ ਵੋਟਿੰਗ ਹੋਈ। ਸੂਬੇ ਵਿਚ ਵੋਟਿੰਗ ਪੂਰੀ ਤਰ੍ਹਾਂ ਸ਼ਾਂਤਮਈ ਸੰਪੰਨ ਹੋਈ ਹੈ। ਜਾਣਕਾਰੀ ਮੁਤਾਬਕ, ਭੋਪਾਲ ਸੀਟ ’ਤੇ 60.99 ਫੀਸਦੀ ਵੋਟਿੰਗ ਹੋਈ। ਉਥੇ, ਰਾਜਗੜ੍ਹ ਲੋਕ ਸਭਾ ਸੀਟ ’ਤੇ ਸਭ ਤੋਂ ਵੱਧ 72.99 ਫੀਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀਆਂ ਕੁੱਲ 29 ਲੋਕ ਸਭਾ ਸੀਟਾਂ ਲਈ ਕੁੱਲ 4 ਪੜਾਵਾਂ ਵਿਚ ਚੋਣਾਂ ਕਰਵਾਈਆਂ ਜਾਣਗੀਆਂ। ਪਹਿਲੇ ਪੜਾਅ ’ਚ 19 ਅਪ੍ਰੈਲ ਨੂੰ 6 ਸੀਟਾਂ ’ਤੇ, ਦੂਜੇ ਪੜਾਅ ’ਚ 26 ਅਪ੍ਰੈਲ ਨੂੰ 7 ਸੀਟਾਂ ’ਤੇ ਅਤੇ 8 ਸੀਟਾਂ ’ਤੇ ਤੀਜੇ ਪੜਾਅ ਵਿਚ 7 ਮਈ ਨੂੰ ਵੋਟਾਂ ਪੈ ਚੁੱਕੀਆਂ ਹਨ। ਬਾਕੀ 8 ਸੀਟਾਂ ਲਈ ਚੌਥੇ ਪੜਾਅ ਭਾਵ 13 ਮਈ ਨੂੰ ਵੋਟਾਂ ਪੈਣਗੀਆਂ। ਭੋਪਾਲ ਪ੍ਰਸ਼ਾਸਨ ਨੇ ਵੋਟਿੰਗ ਵਧਾਉਣ ਲਈ ਹਰ ਬੂਥ ’ਤੇ ਆਕਰਸ਼ਕ ਇਨਾਮਾਂ ਨਾਲ ਲਾਟਰੀ ਸਕੀਮ ਸ਼ੁਰੂ ਕੀਤੀ। ਇਸ ਲਾਟਰੀ ਵਿਚ ਹਰ ਬੂਥ ’ਤੇ ਤਿੰਨ ਲੱਕੀ ਡਰਾਅ ਕੱਢਣ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਅਮਰੀਕੀ ਹੀਰੇ ਦੀ ਮੁੰਦਰੀ, ਟੀ. ਵੀ. ਅਤੇ ਫਰਿੱਜ ਆਦਿ ਤੋਹਫ਼ੇ ਵਜੋਂ ਰੱਖੇ ਗਏ ਸਨ। ਭੋਪਾਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਸ਼ਾਨਦਾਰ ਪਹਿਲ ਦੀ ਹੁਣ ਕਾਫੀ ਚਰਚਾ ਹੋ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News