UP ਚੋਣਾਂ 2022: PM ਮੋਦੀ ਦੀ ਅਪੀਲ- ਲੋਕਤੰਤਰ ਦੇ ਤਿਉਹਾਰ ’ਚ ਜ਼ਰੂਰ ਸ਼ਾਮਿਲ ਹੋਣ UP ਦੇ ਵੋਟਰ
Thursday, Mar 03, 2022 - 10:39 AM (IST)
ਲਖਨਊ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 6ਵੇਂ ਪੜਾਅ ਤਹਿਤ ਸੂਬੇ ਦੇ 57 ਵਿਧਾਨ ਸਭਾ ਹਲਕਿਆਂ ’ਚ ਜਾਰੀ ਵੋਟਿੰਗ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੋਟਰਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਇਕ ਟਵੀਟ ’ਚ ਕਿਹਾ, ‘ਉੱਤਰ ਪ੍ਰਦੇਸ਼ ’ਚ ਲੋਕਤੰਤਰ ਦਾ ਤਿਉਹਾਰ ਅੱਜ ਆਪਣੇ 6ਵੇਂ ਪੜਾਅ ’ਚ ਪ੍ਰਵੇਸ਼ ਕਰ ਚੁੱਕਾ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੀ ਵੋਟ ਦੇ ਨਾਲ ਇਸ ਤਿਉਹਾਰ ’ਚ ਜ਼ਰੂਰ ਸ਼ਾਮਿਲ ਹੋਣ। ਤੁਹਾਡੀ ਇਕ-ਇਕ ਵੋਟ, ਲੋਕਤੰਤਰ ਦੀ ਤਾਕਤ!’
6ਵੇਂ ਪੜਾਅ ਤਹਿਤ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਸ਼ਾਮ 6 ਵਜੇ ਤਕ ਚੱਲੇਗੀ। ਇਸ ਪੜਾਅ ’ਚ ਅੰਬੇਡਕਰ ਨਗਰ, ਬਲਰਾਮਪੁਰ, ਸਿਧਾਰਥ ਨਗਰ, ਸੰਤ ਕਰੀਬ ਨਗਰ, ਮਹਰਾਜਗੰਜ, ਗੋਰਖਪੁਰ, ਕੁਸ਼ੀਨਗਰ, ਦੇਵਰੀਆ ਅਤੇ ਬਲੀਆ ਸਮੇਤ 10 ਜ਼ਿਲ੍ਹਿਆਂ ਦੀਆਂ ਕੁੱਲ 57 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਇਸ ਪੜਾਅ ’ਚ ਯੋਗੀ ਆਦਿੱਤਿਆਨਾਥ (ਗੋਰਖਪੁਰ ਸਦਰ), ਸੂਬੇ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ (ਬਾਂਸੀ), ਬੇਸਿਕ ਸਿੱਖਿਆ ਮੰਤਰੀ ਸਤੀਸ਼ ਦਿਵੇਦੀ (ਇਟਾਵਾ), ਸਾਬਕਾ ਕਿਰਤ ਮੰਤਰੀ ਸਵਾਮੀ ਪ੍ਰਸਾਦ ਮੌਰੀਆ (ਫਾਜ਼ਿਲ ਨਗਰ) ਅਤੇ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਅਜੈ ਕੁਮਾਰ ਲੱਲੂ (ਤਮਕੁਹੀ ਰਾਜ) ਦੀ ਵੀ ਕਿਸਮਤ ਦਾਅ ’ਤੇ ਹੈ।