ਬਾਹਰਲੇ ਸੂਬਿਆਂ ਦੀਆਂ ਵੋਲਵੋ ਬੱਸਾਂ ’ਤੇ ਹਿਮਾਚਲ ’ਚ ਹਰ ਸਾਲ ਲੱਗੇਗਾ 9 ਲੱਖ ਰੁਪਏ ਟੈਕਸ

Friday, May 19, 2023 - 12:17 PM (IST)

ਬਾਹਰਲੇ ਸੂਬਿਆਂ ਦੀਆਂ ਵੋਲਵੋ ਬੱਸਾਂ ’ਤੇ ਹਿਮਾਚਲ ’ਚ ਹਰ ਸਾਲ ਲੱਗੇਗਾ 9 ਲੱਖ ਰੁਪਏ ਟੈਕਸ

ਸ਼ਿਮਲਾ (ਰਾਜੇਸ਼)- ਸੂਬਾ ਸਰਕਾਰ ਹਿਮਾਚਲ ’ਚ ਬਾਹਰਲੇ ਸੂਬਿਆਂ ਤੋਂ ਚੱਲਣ ਵਾਲੀਆਂ ਗੈਰ-ਕਾਨੂੰਨੀ ਵੋਲਵੋ ਬੱਸਾਂ ’ਤੇ ਸ਼ਿਕੰਜਾ ਕੱਸੇਗੀ। ਬਾਹਰਲੇ ਸੂਬਿਆਂ ਤੋਂ ਹਿਮਾਚਲ ਆਉਣ ਵਾਲੀਆਂ ਵੋਲਵੋ ਬੱਸਾਂ ਨੂੰ ਸਾਲਾਨਾ 9 ਲੱਖ ਰੁਪਏ ਟੈਕਸ ਦੇਣਾ ਪਵੇਗਾ। ਇਸ ਨੂੰ ਲੈ ਕੇ ਤਾਮਿਲਨਾਡੂ ਹਾਈ ਕੋਰਟ ਦਾ ਹੁਕਮ ਹੈ। ਸੂਬਾ ਸਰਕਾਰ ਨੇ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰ ਦਿੱਤਾ ਹੈ। ਸੂਬੇ ’ਚ ਰੋਜ਼ਾਨਾ 200 ਤੋਂ 250 ਵੋਲਵੋ ਬੱਸਾਂ ਆਉਂਦੀਆਂ ਹਨ, ਹਰ ਕਿਸੇ ਦੀ ਐਂਟਰੀ ਹੁਣ ਟੈਕਸ ਭਰਨ ਤੋਂ ਬਾਅਦ ਹੀ ਹੋਵੇਗੀ। ਇਹ ਗੱਲ ਉਪ-ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਵੀਰਵਾਰ ਨੂੰ ਐੱਚ.ਆਰ.ਟੀ.ਸੀ. ਮੁਲਾਜ਼ਮਾਂ ਨਾਲ ਮੀਟਿੰਗ ਕਰਨ ਉਪਰੰਤ ਕਹੀ। ਉਨ੍ਹਾਂ ਕਿਹਾ ਕਿ ਐੱਚ.ਆਰ.ਟੀ.ਸੀ 1355 ਕਰੋੜ ਦੇ ਘਾਟੇ ’ਚ ਚੱਲ ਰਹੀ ਹੈ ਅਤੇ ਨਿਗਮ ਨੂੰ ਹਰ ਮਹੀਨੇ 69 ਕਰੋੜ ਦਾ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਨਿਗਮ ਦੇ 94 ਫੀਸਦੀ ਬੱਸ ਰੂਟ ਘਾਟੇ ’ਚ ਹਨ। ਉਪ-ਮੁੱਖ ਮੰਤਰੀ ਨੇ ਕਿਹਾ ਕਿ ਨਿਗਮ ਦੇ ਇਸ ਘਾਟੇ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਵਿੱਤੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਐੱਚ.ਆਰ.ਟੀ.ਸੀ. ਇਸ ਸਾਲ ਦੇ ਅੰਤ ਤੱਕ 600 ਨਵੀਆਂ ਬੱਸਾਂ ਖਰੀਦੇਗੀ। ਕੇਂਦਰ ਸਰਕਾਰ ਦੇ 15 ਸਾਲ ਪੁਰਾਣੇ ਵਾਹਨਾਂ ਨੂੰ ਬਦਲਣ ਦੇ ਫੈਸਲੇ ਤੋਂ ਬਾਅਦ 167 ਬੱਸਾਂ ਐੱਚ.ਆਰ.ਟੀ.ਸੀ. ਦੇ ਬੇੜੇ ਤੋਂ ਹਟਾ ਦਿੱਤੀਆਂ ਗਈਆਂ। 1199 ਬੱਸਾਂ ਅਜਿਹੀਆਂ ਹਨ, ਜਿਨ੍ਹਾਂ ਦੀ ਕੀਮਤ ਜ਼ੀਰੋ ਹੈ। ਇਨ੍ਹਾਂ ’ਚੋਂ 202 ਬੱਸਾਂ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।


author

DIsha

Content Editor

Related News