ਭਾਜਪਾ ਨੇਤਾ ਲਾਕੇਟ ਚੈਟਰਜੀ ਦਾ ਦੋਸ਼, ਰਾਮਨੌਮੀ ’ਤੇ ਹਿੰਸਾ ਸੋਚੀ ਸਮਝੀ ਸਾਜ਼ਿਸ਼, ਅਸਤੀਫਾ ਦੇਵੇ ਮਮਤਾ

Tuesday, Apr 04, 2023 - 11:52 AM (IST)

ਭਾਜਪਾ ਨੇਤਾ ਲਾਕੇਟ ਚੈਟਰਜੀ ਦਾ ਦੋਸ਼, ਰਾਮਨੌਮੀ ’ਤੇ ਹਿੰਸਾ ਸੋਚੀ ਸਮਝੀ ਸਾਜ਼ਿਸ਼, ਅਸਤੀਫਾ ਦੇਵੇ ਮਮਤਾ

ਨਵੀਂ ਦਿੱਲੀ, (ਭਾਸ਼ਾ)- ਭਾਜਪਾ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਰਚੀ ਗਈ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਭਾਜਪਾ ਨੇ ਮਮਤਾ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਹੁਗਲੀ ਦੇ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਪਾਰਟੀ ਦੇ ਦੋ ਹੋਰ ਸੰਸਦ ਮੈਂਬਰਾਂ ਨਾਲ ਭਾਜਪਾ ਹੈੱਡਕੁਆਰਟਰ ਵਿਖੇ ਸੋਮਵਾਰ ਇਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰ ਨੂੰ ਇਸ ਸਬੰਧ ’ਚ ਦਖਲ ਦੇਣ ਅਤੇ ਹਿੰਸਾ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।

ਉਨ੍ਹਾਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ਵਿੱਚ ਰਾਮਨੌਮੀ ਤੋਂ ਬਾਅਦ ਹੋਈਆਂ ਹਿੰਸਾ ਦੀਆਂ ਘਟਨਾਵਾਂ ਮਮਤਾ ਵੱਲੋਂ ਆਪਣੀ ਸਰਕਾਰ ਅਧੀਨ ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਅਤੇ ਆਉਣ ਵਾਲੀਆਂ ਚੋਣਾਂ ’ਤੇ ਨਜ਼ਰ ਰੱਖ ਕੇ ਮੁਸਲਿਮ ਵੋਟਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਇੱਕ ‘ਸੋਚੀ ਸਮਝੀ ਸਾਜ਼ਿਸ਼’ ਦਾ ਨਤੀਜਾ ਹਨ।

ਉਨ੍ਹਾਂ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤਰੱਕੀ ਕਰ ਰਿਹਾ ਹੈ, ਉਥੇ ਤ੍ਰਿਣਮੂਲ ਕਾਂਗਰਸ ਦੇ ਰਾਜ ਹੇਠ ਪੱਛਮੀ ਬੰਗਾਲ ‘ਪੁਰਾਣੇ ਕਸ਼ਮੀਰ’ ਵਰਗੀ ਸਥਿਤੀ ਦਾ ਗਵਾਹ ਹੈ ਜਿੱਥੇ ਲੋਕ ਪਾਕਿਸਤਾਨੀ ਝੰਡੇ ਲਹਿਰਾਉਂਦੇ ਅਤੇ ਪੱਥਰਬਾਜ਼ੀ ਕਰਦੇ ਹਨ।

ਰਾਣਾਘਾਟ ਦੇ ਸੰਸਦ ਮੈਂਬਰ ਜਗਨਨਾਥ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਸੰਵਿਧਾਨ ਦੀ ਧਾਰਾ 356 ਤਹਿਤ ਰਾਸ਼ਟਰਪਤੀ ਰਾਜ ਲਾ ਕੇ ਹੀ ਬਚਾਇਆ ਜਾ ਸਕਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਪੱਛਮੀ ਬੰਗਾਲ ਦੇ ਹਾਵੜਾ, ਹੁਗਲੀ ਅਤੇ ਉੱਤਰ ਦਿਨਾਜਪੁਰ ਜ਼ਿਲਿਆਂ ਤੋਂ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਭਾਜਪਾ ਨੇਤਾ ਨੇ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ’ਤੇ ਲੋਕਾਂ ਦੇ ਇੱਕ ਗਰੁਪ ਦੀ ਇੱਕ ਜਾਅਲੀ ਵੀਡੀਓ ਟਵੀਟ ਕਰਨ ਦਾ ਵੀ ਦੋਸ਼ ਲਾਇਆ, ਜਿਸ ਵਿੱਚ ਇੱਕ ਵਿਅਕਤੀ ਬੰਦੂਕ ਨਾਲ ਵਿਖਾਈ ਦੇ ਰਿਹਾ ਹੈ। ਉਨ੍ਹਾਂ ਅਭਿਸ਼ੇਕ ਬੈਨਰਜੀ ਵਿਰੁੱਧ ਹਿੰਦੂਆਂ ਦਾ ਅਕਸ ਖਰਾਬ ਕਰਨ ਲਈ ਜਾਂਚ ਦੀ ਮੰਗ ਵੀ ਕੀਤੀ।


author

Rakesh

Content Editor

Related News