ਸ਼ਾਂਤੀ ਸਮਝੌਤੇ ਦੇ 24 ਘੰਟਿਆਂ ਅੰਦਰ ਮਣੀਪੁਰ ''ਚ ਮੁੜ ਭੜਕੀ ਹਿੰਸਾ

Saturday, Aug 03, 2024 - 06:18 PM (IST)

ਇੰਫਾਲ (ਭਾਸ਼ਾ)- ਮਣੀਪੁਰ ਦੇ ਜਿਰੀਬਾਮ ’ਚ ਸ਼ਾਂਤੀ ਬਹਾਲ ਕਰਨ ਦੇ ਯਤਨਾਂ ਲਈ ਮੇਇਤੀ ਤੇ ਹਮਾਰ ਭਾਈਚਾਰਿਆਂ ਵਿਚਾਲੇ ਸਮਝੌਤਾ ਹੋਣ ਤੋਂ ਇਕ ਦਿਨ ਬਾਅਦ ਹੀ ਤਣਾਅ ਪੈਦਾ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਗੋਲੀਬਾਰੀ ਕੀਤੀ ਗਈ ਅਤੇ ਇਕ ਖਾਲੀ ਪਏ ਮਕਾਨ ਨੂੰ ਅੱਗ ਲਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਲਾਲਪਾਨੀ ਪਿੰਡ ’ਚ ਖਾਲੀ ਪਏ ਇਕ ਮਕਾਨ ਨੂੰ ਸ਼ੁੱਕਰਵਾਰ ਰਾਤ ਹਥਿਆਰਬੰਦ ਲੋਕਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਇਕ ਬਿਲਕੁਲ ਅਲੱਗ ਬਸਤੀ ਵਿਚ ਵਾਪਰੀ ਜਿੱਥੇ ਮੇਇਤੀ ਭਾਈਚਾਰੇ ਦੇ ਕੁਝ ਲੋਕਾਂ ਦੇ ਮਕਾਨ ਹਨ ਅਤੇ ਜ਼ਿਲ੍ਹੇ ਵਿਚ ਹਿੰਸਾ ਭੜਕਣ ਤੋਂ ਬਾਅਦ ਇਨ੍ਹਾਂ ਵਿਚੋਂ ਜ਼ਿਆਦਾਤਰ ਮਕਾਨ ਖਾਲੀ ਪਏ ਹਨ।

ਦੰਗਾਕਾਰੀਆ ਨੇ ਇਲਾਕੇ ’ਚ ਸੁਰੱਖਿਆ ਮੁਲਾਜ਼ਮਾਂ ਦੀ ਗੈਰ-ਮੌਜੂਦਗੀ ਦਾ ਫਾਇਦਾ ਉਠਾ ਕੇ ਅੱਗਜ਼ਨੀ ਕੀਤੀ। ਦੰਗਾ ਕਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ। ਹਥਿਆਰਬੰਦ ਲੋਕਾਂ ਨੇ ਬਸਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਵੀ ਚਲਾਈਆਂ। ਘਟਨਾ ਤੋਂ ਬਾਅਦ ਸੁਰੱਖਿਆ ਫੋਰਸਾਂ ਨੂੰ ਇਲਾਕੇ ਵਿਚ ਭੇਜਿਆ ਗਿਆ ਹੈ। ਵਰਣਨਯੋਗ ਹੈ ਕਿ ਵੀਰਵਾਰ ਨੂੰ ਅਸਾਮ ਦੇ ਕਛਾਰ ’ਚ ਸੀ.ਆਰ.ਪੀ.ਐੱਫ. ਦੇ ਇਕ ਅਦਾਰੇ ’ਚ ਹੋਈ ਬੈਠਕ ਵਿਚ ਮੇਇਤੀ ਤੇ ਹਮਾਰ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਵਿਚਾਲੇ ਸਮਝੌਤਾ ਹੋਇਆ ਸੀ। ਅਗਲੀ ਬੈਠਕ 15 ਅਗਸਤ ਨੂੰ ਹੋਵੇਗੀ। ਪਿਛਲੇ ਸਾਲ ਮਈ ਤੋਂ ਮੇਇਤੀ ਅਤੇ ਕੁਕੀ-ਜੋ ਸਮੂਹਾਂ ਵਿਚਾਲੇ ਜਾਰੀ ਜਾਤੀ ਹਿੰਸਾ 'ਚ 200 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News