ਵਿਕਰਾਂਤ ਮੈਸੀ ਨੇ PM ਮੋਦੀ ਨਾਲ ਵੇਖੀ ''ਦਿ ਸਾਬਰਮਤੀ ਰਿਪੋਰਟ'' ਫਿਲਮ

Tuesday, Dec 03, 2024 - 10:57 AM (IST)

ਵਿਕਰਾਂਤ ਮੈਸੀ ਨੇ PM ਮੋਦੀ ਨਾਲ ਵੇਖੀ ''ਦਿ ਸਾਬਰਮਤੀ ਰਿਪੋਰਟ'' ਫਿਲਮ

ਨਵੀਂ ਦਿੱਲੀ (ਭਾਸ਼ਾ)- ਅਦਾਕਾਰ ਵਿਕਰਾਂਤ ਮੈਸੀ ਨੇ ਕੁਝ ਸਮੇਂ ਲਈ ਅਦਾਕਾਰੀ ਦੀ ਦੁਨੀਆ ਤੋਂ ਦੂਰੀ ਬਣਾਉਣ ਦਾ ਸੋਮਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਘਰ ਪਰਤਣ ਦਾ ਸਮਾਂ ਆ ਗਿਆ ਹੈ। ਵਿਕਰਾਂਤ ਮੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮੰਤਰੀਆਂ ਨਾਲ ਸੰਸਦ ਦੇ ਲਾਇਬਰੇਰੀ ਭਵਨ ਸਥਿਤ ਬਾਲਯੋਗੀ ਆਡੀਟੋਰੀਅਮ 'ਚ ਆਪਣੀ ਨਵੀਂ ਫਿਲਮ 'ਦਿ ਸਾਬਰਮਤੀ ਰਿਪੋਰਟ' ਦੇਖਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ। ਉਸ ਨੇ ਆਪਣੀ ਫਿਲਮ 'ਦਿ ਸਾਬਰਮਤੀ ਰਿਪੋਰਟ' ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਆਪਣੇ ਆਪ ਨੂੰ ਅਦਾਕਾਰੀ ਦੀ ਦੁਨੀਆ ਤੋਂ ਦੂਰ ਕਰਨ ਦਾ ਐਲਾਨ ਕੀਤਾ ਹੈ। ਧੀਰਜ ਸਰਨਾ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ 27 ਫਰਵਰੀ 2002 ਨੂੰ ਗੋਧਰਾ ਵਿਖੇ ਸਾਬਰਮਤੀ ਐਕਸਪ੍ਰੈਸ ਰੇਲ ਗੱਡੀ 'ਚ ਅੱਗ ਦੀ ਘਟਨਾ ਦੇ ਪਿੱਛੇ ਦੀ ਸੱਚਾਈ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ 'ਚ ਇਕ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਅਯੁੱਧਿਆ ਤੋਂ ਪਰਤ ਰਹੇ 59 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਹ ਫਿਲਮ 15 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਵਿਕਰਾਂਤ ਮੈਸੀ ਨੇ ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਕਿਹਾ ਸੀ ਕਿ ਉਸ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਫਿਰ ਵੀ ਉਹ ਚਿੰਤਤ ਨਹੀਂ ਹਨ ਕਿਉਂਕਿ ਇਹ ਫਿਲਮ ਪੂਰੀ ਤਰ੍ਹਾਂ ਨਾਲ ਤੱਥਾਂ 'ਤੇ ਆਧਾਰਿਤ ਹੈ।

'12ਵੀਂ ਫੇਲ' ਅਤੇ 'ਸੈਕਟਰ 26' ਵਰਗੀਆਂ ਫਿਲਮਾਂ ਕਰਨ ਵਾਲੇ ਮੈਸੀ (37) ਨੇ ਸੋਸ਼ਲ ਮੀਡੀਆ ਪਲੇਟਫਾਰਮ 'ਇੰਸਟਾਗ੍ਰਾਮ' 'ਤੇ ਲਿਖਿਆ,''ਮੈਂ ਤੁਹਾਡੇ ਸਮਰਥਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਹਾਲਾਂਕਿ, ਜ਼ਿੰਦਗੀ 'ਚ ਅੱਗੇ ਵਧਦੇ ਹੋਏ ਮੈਨੂੰ ਅਹਿਸਾਸ ਹੋਇਆ ਹੈ ਕਿ ਇਕ ਪਤੀ, ਇਕ ਪਿਤਾ ਅਤੇ ਇਕ ਬੇਟੇ ਵਜੋਂ ਜ਼ਿੰਮੇਵਾਰੀ ਸੰਭਾਲਣ ਅਤੇ ਘਰ ਵਾਪਸ ਪਰਤਣ ਦਾ ਸਮਾਂ ਆ ਗਿਆ ਹੈ।'' ਮੈਸੀ ਦੀ ਪਤਨੀ ਸ਼ੀਤਲ ਠਾਕੁਰ ਹੈ। ਇਹ ਜੋੜਾ ਫਰਵਰੀ ਵਿਚ ਇਕ ਬੇਟੇ ਦੇ ਮਾਤਾ-ਪਿਤਾ ਬਣੇ ਸਨ। ਟੀਵੀ ਸੀਰੀਅਲ 'ਬਾਲਿਕਾ ਵਧੂ', ਫਿਲਮ 'ਲੁਟੇਰਾ', 'ਏ ਡੈਥ ਇਨ ਦਿ ਗੰਜ' ਅਤੇ 'ਕਾਰਗੋ' ਦੇ ਨਾਲ-ਨਾਲ ਵੈੱਬ ਸੀਰੀਜ਼ 'ਮਿਰਜ਼ਾਪੁਰ' 'ਚ ਕੰਮ ਕਰ ਚੁੱਕੇ ਮੈਸੀ ਨੇ ਕਿਹਾ ਕਿ 2025 'ਚ ਉਸ ਦੀ ਇਕ ਹੋਰ ਫਿਲਮ ਰਿਲੀਜ਼ ਹੋਣ ਵਾਲੀ ਹੈ। ਅਦਾਕਾਰ ਨੇ ਕਿਹਾ,"ਅਸੀਂ ਆਖਰੀ ਵਾਰ 2025 'ਚ ਮਿਲਾਂਗੇ... ਜਦੋਂ ਤੱਕ (ਵਾਪਸੀ ਲਈ) ਸਮਾਂ ਉੱਚਿਤ ਨਾ ਲੱਗੇ। ਆਖ਼ਰੀ ਦੋ ਫ਼ਿਲਮਾਂ ਅਤੇ ਕਈ ਸਾਲਾਂ ਦੀਆਂ ਯਾਦਾਂ। ਇਕ ਵਾਰ ਫਿਰ ਧੰਨਵਾਦ... ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦਾ ਰਿਣੀ ਰਹਾਂਗਾ।'' ਦਿੱਲੀ 'ਚ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨਾਲ ਫਿਲਮ 'ਦਿ ਸਾਬਰਮਤੀ ਰਿਪੋਰਟ' ਦੇਖਣ ਤੋਂ ਬਾਅਦ ਮੈਸੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨਾਲ ਫਿਲਮ ਦੇਖਣਾ ਇਕ ਅਨੁਭਵ ਸੀ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਨੇ ਫਿਲਮ ਦੇਖਣ ਤੋਂ ਬਾਅਦ ਕਿਹਾ,''ਇਕ ਵੱਖ ਤਰ੍ਹਾਂ ਦੀ ਘਬਰਾਹਟ ਵੀ ਰਹੀ ਅਤੇ ਖੁਸ਼ੀ ਵੀ ਹੋਈ ਕਿ ਮੈਨੂੰ ਉਨ੍ਹਾਂ ਨਾਲ ਫਿਲਮ ਦੇਖਣ ਦਾ ਮੌਕਾ ਮਿਲਿਆ। ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਸਿਨੇਮਾਘਰਾਂ 'ਚ ਜਾ ਕੇ ਫਿਲਮ ਦੇਖਣ... ਜੇਕਰ ਤੁਸੀਂ ਮੈਨੂੰ ਪੁੱਛੋ ਤਾਂ ਇਹ ਮੇਰੇ ਕਰੀਅਰ ਦਾ ਸਭ ਤੋਂ ਚੰਗਾ ਪਲ ਹੈ, ਜਦੋਂ ਮੈਨੂੰ ਪ੍ਰਧਾਨ ਮੰਤਰੀ ਨਾਲ ਫਿਲਮ ਦੇਖਣ ਦਾ ਮੌਕਾ ਮਿਲਿਆ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News