ਵਿਕਰਮਾਦਿੱਤਿਆ ਨੇ ਕਿਹਾ- ਅਸੀਂ ਹਰ ਸਥਿਤੀ ’ਚ ਜਨਤਾ ਦੇ ਨਾਲ

Sunday, Jul 06, 2025 - 12:01 AM (IST)

ਵਿਕਰਮਾਦਿੱਤਿਆ ਨੇ ਕਿਹਾ- ਅਸੀਂ ਹਰ ਸਥਿਤੀ ’ਚ ਜਨਤਾ ਦੇ ਨਾਲ

ਨੈਸ਼ਨਲ ਡੈਸਕ- ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਹਰ ਸਥਿਤੀ ਵਿਚ ਜਨਤਾ ਦੇ ਨਾਲ ਹਾਂ। ਅਸੀਂ ਇਕ ਪਰਿਵਾਰ ਵਾਂਗ ਇਕੱਠੇ ਹੋ ਕੇ ਸੂਬੇ ਵਿਚ ਇਸ ਆਫ਼ਤ ਨਾਲ ਨਜਿੱਠਾਂਗੇ।

2023 ਦੀ ਆਫਤ ਦੌਰਾਨ ਵੀ ਉੱਠ ਚੁੱਕੇ ਹਨ ਸਵਾਲ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਗਨਾ ਰਣੌਤ ਦੀ ਆਫਤ ਦੌਰਾਨ ਗੈਰ-ਹਾਜ਼ਰੀ ’ਤੇ ਸਵਾਲ ਉਠਾਏ ਗਏ ਹਨ। ਸਾਲ 2023 ਵਿਚ ਵੀ ਹਿਮਾਚਲ ਦੇ ਮੰਡੀ ਵਿਚ ਭਾਰੀ ਮੀਂਹ ਕਾਰਨ ਬਹੁਤ ਨੁਕਸਾਨ ਹੋਇਆ ਸੀ ਅਤੇ ਉਦੋਂ ਵੀ ਕੰਗਨਾ ਆਪਣੇ ਸੰਸਦੀ ਹਲਕੇ ਵਿਚ ਦੇਰ ਨਾਲ ਪਹੁੰਚੀ ਸੀ। ਉਸ ਸਮੇਂ ਵੀ ਉਸਦੀ ਗੈਰ-ਹਾਜ਼ਰੀ ਬਾਰੇ ਬਹੁਤ ਚਰਚਾ ਹੋਈ ਸੀ, ਇਸ ਲਈ ਇਕ ਵਾਰ ਫਿਰ ਉਹੀ ਸਥਿਤੀ ਦੁਹਰਾਈ ਜਾ ਰਹੀ ਹੈ। ਕੰਗਨਾ ਸੋਸ਼ਲ ਮੀਡੀਆ ’ਤੇ ਆਪਣੀ ਗੱਲ ਰੱਖ ਰਹੀ ਹੈ ਪਰ ਅਜੇ ਤੱਕ ਮੰਡੀ ਨਹੀਂ ਪਹੁੰਚੀ ਹੈ।

ਕੰਗਨਾ ਦੀ ਟਵੀਟ : ਮੈਂ ਹਿਮਾਚਲ ਲਈ ਨਿਕਲ ਚੁੱਕੀ ਹਾਂ, ਜਲਦੀ ਪ੍ਰਭਾਵਿਤ ਖੇਤਰ ਦਾ ਦੌਰਾਨ ਕਰਾਂਗੀ।

ਸੰਸਦ ਮੈਂਬਰ ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਮੈਂ ਹਿਮਾਚਲ ਲਈ ਰਵਾਨਾ ਹੋ ਚੁੱਕੀ ਹਾਂ ਅਤੇ ਜਲਦੀ ਹੀ ਪ੍ਰਭਾਵਿਤ ਖੇਤਰ ਦਾ ਦੌਰਾ ਕਰਾਂਗੀ। ਭਰੋਸਾ ਰੱਖੋ, ਮੈਂ ਹਮੇਸ਼ਾ ਹਿਮਾਚਲ ਦੇ ਨਾਲ ਖੜ੍ਹੀ ਹਾਂ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਉਸਨੇ ਟਵੀਟ ਕੀਤਾ ਸੀ ਕਿ ਜੈਰਾਮ ਠਾਕੁਰ ਨੇ ਉਸਨੂੰ ਕਿਹਾ ਹੈ ਕਿ ਜਦੋਂ ਤੱਕ ਸੇਰਾਜ ਅਤੇ ਮੰਡੀ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸੰਪਰਕ ਬਹਾਲ ਨਹੀਂ ਹੋ ਜਾਂਦਾ, ਓਦੋਂ ਤੱਕ ਉਹ ਉਡੀਕ ਕਰਨ। ਕੰਗਨਾ ਨੇ ਇਹ ਵੀ ਕਿਹਾ ਕਿ ਉਹ ਪ੍ਰਸ਼ਾਸਨ ਦੀ ਪ੍ਰਵਾਨਗੀ ਦੀ ਉਡੀਕ ਕਰ ਰਹੀ ਹੈ।

ਸੁੱਖੂ ਨੇ ਫੋਨ ’ਤੇ ਗੱਲ ਨਾ ਕਰਨ ਨੂੰ ਝੂਠਾ ਦੱਸਿਆ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨਾਲ ਫ਼ੋਨ ’ਤੇ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਨੇ ਕੱਲ ਹੀ ਉਨ੍ਹਾਂ ਨਾਲ ਗੱਲ ਕੀਤੀ ਸੀ।

ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਵੀ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਕੱਲ ਹੀ ਉਨ੍ਹਾਂ ਨਾਲ ਗੱਲ ਕੀਤੀ ਸੀ। ਇਸੇ ਤਰ੍ਹਾਂ ਡੀ. ਸੀ. ਮੰਡੀ ਨੇ ਵੀ ਉਨ੍ਹਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਡੀ ਵਿਚ ਚੱਲ ਰਹੇ ਰੋਪਵੇਅ ਵਿਚ ਸਾਮਾਨ ਢੋਣ ਅਤੇ ਵਾਪਸ ਆਉਣ ਲਈ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਅਤੇ ਜਲ ਸ਼ਕਤੀ ਵਿਭਾਗ ਦੇ ਈ. ਐੱਸ. ਸੀ. ਸਮੇਤ ਤਕਨੀਕੀ ਲੋਕ ਉੱਥੇ ਬੈਠੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਉਹ ਜੰਜੈਹਲੀ ਵੀ ਗਏ ਹਨ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਤੱਕ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੈਂ ਉਨ੍ਹਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਦੇ ਹਲਕੇ ਵਿਚ ਪਹੁੰਚਿਆ ਸੀ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਮੈਂ ਇਕ ਦਿਨ ਵਿਚ 3 ਘੰਟੇ ਪੈਦਲ ਚੱਲਣ ਤੋਂ ਬਾਅਦ ਧਰਮਪੁਰ ਦੇ ਨੁਕਸਾਨੇ ਗਏ ਪਿੰਡ ਗਿਆ। ਜੰਜੈਹਲੀ ਵਿਚ ਘੱਟੋ-ਘੱਟ 94 ਮਸ਼ੀਨਾਂ ਲਗਾਈਆਂ ਗਈਆਂ ਹਨ। ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਧਰਮਪੁਰ ਵੀ ਮੰਡੀ ਦਾ ਹੀ ਇਕ ਹਿੱਸਾ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਵੀ ਉੱਥੇ ਜਾਣਾ ਚਾਹੀਦਾ ਸੀ। ਮੈਂ ਖੁਦ ਅੱਜ ਦੁਬਾਰਾ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਜਾ ਰਿਹਾ ਸੀ, ਪਰ ਖਰਾਬ ਮੌਸਮ ਕਾਰਨ ਨਹੀਂ ਜਾ ਸਕਿਆ। ਜਿਵੇਂ ਹੀ ਮੌਸਮ ਅਨੁਕੂਲ ਹੋਵੇਗਾ, ਮੈਂ ਹਿਮਾਚਲ ਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਾਂਗਾ ਜਿੱਥੇ ਮੀਂਹ ਨੇ ਨੁਕਸਾਨ ਕੀਤਾ ਹੈ। ਧਰਮਪੁਰ ਦੇ ਵਿਧਾਇਕ ਚੰਦਰਸ਼ੇਖਰ ਦਿਨ-ਰਾਤ ਕੰਮ ਕਰ ਰਹੇ ਹਨ।


author

Rakesh

Content Editor

Related News