ਵਿਜ ਬੋਲੇ- ਮੈਂ ਅਤੇ ਮੁੱਖ ਮੰਤਰੀ ਖੱਟੜ ਚੰਗੇ ਮਿੱਤਰ, ਕੁਝ ਅਧਿਕਾਰੀ ਨੂੰ ਹੋਈ ਗਲਤ ਫ਼ਹਿਮੀ
Wednesday, Jul 28, 2021 - 06:37 PM (IST)
ਹਰਿਆਣਾ (ਭਾਸ਼ਾ)— ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਕੁਝ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਚਾਲੇ ਮਤਭੇਦ ਹਨ। ਇਸ ਲਈ ਉਹ ਉਨ੍ਹਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਵਿਭਾਗੀ ਕੰਮਾਂ ’ਚ ਰੁਕਾਵਟ ਪਾ ਰਹੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਦੋਹਾਂ ਵਿਚਾਲੇ ਮਤਭੇਦ ਹਨ। ਵਿਜ ਨੇ ਕਿਹਾ ਕਿ ਉਹ ਅਤੇ ਖੱਟੜ ਚੰਗੇ ਦੋਸਤ ਹਨ ਅਤੇ ਅਜਿਹੇ ਅਧਿਕਾਰੀਆਂ ਨੂੰ ‘ਗੰਦੀ ਖੇਡ’ ਖੇਡਣ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ। ਦੱਸ ਦੇਈਏ ਕਿ ਵਿਜ ਕੋਲ ਸਿਹਤ ਮਹਿਕਮੇ ਦਾ ਵੀ ਜ਼ਿੰਮਾ ਹੈ।
ਵਿਜ ਦੀ ਇਹ ਟਿੱਪਣੀ ਉਨ੍ਹਾਂ ਅਤੇ ਮੁੱਖ ਮੰਤਰੀ ਵਿਚਾਲੇ ਹਾਲ ਹੀ ’ਚ ਪੁਲਸ ਡਾਇਰੈਕਟਰ ਜਨਰਲ ਮਨੋਜ ਯਾਦਵ ਦੇ ਕਾਰਜਕਾਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਆਈ ਹੈ। ਖੱਟੜ, ਮਨੋਜ ਯਾਦਵ ਨੂੰ ਸੂਬੇ ਦੇ ਪੁਲਸ ਮੁਖੀ ਦੇ ਰੂਪ ’ਚ ਬਣਾਏ ਰੱਖਣ ਦੇ ਇੱਛੁਕ ਸਨ, ਜਦਕਿ ਵਿਜ ਇਸ ਸਾਲ ਦੀ ਸ਼ੁਰੂਆਤ ਵਿਚ ਉਨ੍ਹਾਂ ਦਾ ਦੋ ਸਾਲ ਦਾ ਕਾਜਕਾਲ ਖ਼ਤਮ ਹੋਣ ਮਗਰੋਂ ਉਨ੍ਹਾਂ ਦੀ ਥਾਂ ਕਿਸੇ ਹੋਰ ਅਧਿਕਾਰੀ ਨੂੰ ਡੀ. ਜੀ. ਪੀ. ਬਣਾਉਣ ਦੇ ਹੱਕ ਵਿਚ ਸਨ।
ਇਕ ਬਿਆਨ ’ਚ ਵਿਜ ਨੇ ਕਿਹਾ ਕਿ ਕੁਝ ਅਧਿਕਾਰੀ ਖੱਟੜ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਵਿਭਾਗੀ ਕੰਮਾਂ ’ਚ ਰੁਕਾਵਟ ਬਣ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਤੇ ਮੁੱਖ ਮੰਤਰੀ ਇਕ-ਦੂਜੇ ਦੇ ਖ਼ਿਲਾਫ਼ ਹਨ। ਵਿਜ ਨੇ ਸਾਫ ਕੀਤਾ ਕਿ ਉਨ੍ਹਾਂ ਨੂੰ ਭਾਰੀ ਗਲਤਫ਼ਹਿਮੀ ਹੋਈ ਹੈ। ਮੈਂ ਅਤੇ ਮਾਣਯੋਗ ਮੁੱਖ ਮੰਤਰੀ ਚੰਗੇ ਦੋਸਤ ਹਾਂ।