ਮਾਮਲਾ ਬੰਗਾਲ ’ਚ SIR ਦੌਰਾਨ ਹੋਈਆਂ ਮੌਤਾਂ ਤੇ ਤਣਾਅ ਦਾ, BLOs ਨੇ ਕੀਤਾ ਵਿਰੋਧ ਪ੍ਰਦਰਸ਼ਨ
Monday, Jan 12, 2026 - 10:03 PM (IST)
ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ’ਚ ਕੁਝ ਬੂਥ-ਪੱਧਰੀ ਅਧਿਕਾਰੀਆਂ (ਬੀ. ਐੱਲ. ਓਜ਼.) ਨੇ ਸੋਮਵਾਰ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ) ਦੌਰਾਨ ਕਈ ਬੀ. ਐੱਲ. ਓਜ਼. ਦੀਆਂ ਹੋਈਆਂ ਮੌਤਾਂ ਪ੍ਰਤੀ ਉਦਾਸੀਨ ਰਿਹਾ ਹੈ।
ਪ੍ਰਦਰਸ਼ਨਕਾਰੀ ਬੀ. ਐੱਲ. ਓਜ਼. ‘ਅਧਿਕਾਰ ਸੁਰੱਖਿਆ ਕਮੇਟੀ’ ਦੇ ਮੈਂਬਰ ਵੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਸੂਬੇ ਦੇ ਬੀ. ਐੱਲ. ਓਜ਼. ਬਹੁਤ ਜ਼ਿਆਦਾ ਮਾਨਸਿਕ ਤੇ ਸਰੀਰਕ ਦਬਾਅ ਹੇਠ ਹਨ । ਕੰਮ ਦਾ ਬੋਝ ਉਨ੍ਹਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਰਿਹਾ ਹੈ।
ਐੱਸ. ਆਈ. ਆਰ. ਦੌਰਾਨ ਏ. ਆਈ.-ਆਧਾਰਤ ਡਿਜਿਟਾਈਜ਼ੇਸ਼ਨ ਗਲਤੀਆਂ ਵਿਆਪਕ ਮੁਸ਼ਕਲਾਂ ਦਾ ਕਾਰਨ ਬਣ ਰਹੀਆਂ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਦੁਬਾਰਾ ਚਿੱਠੀ ਲਿਖ ਕੇ ਦਾਅਵਾ ਕੀਤਾ ਹੈ ਕਿ 2002 ਦੀਆਂ ਵੋਟਰ ਸੂਚੀਆਂ ’ਚ ਏ. ਆਈ.ਆਧਾਰਤ ਡਿਜਿਟਾਈਜ਼ੇਸ਼ਨ ਗਲਤੀਆਂ ਐੱਸ. ਆਈ. ਆਰ. ਪ੍ਰਕਿਰਿਆ ਦੌਰਾਨ ਯੋਗ ਵੋਟਰਾਂ ਲਈ ਵਿਆਪਕ ਮੁਸ਼ਕਲਾਂ ਦਾ ਕਾਰਨ ਬਣ ਰਹੀਆਂ ਹਨ।
ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੇ ਸ਼ੁਰੂ ਹੋਣ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਆਪਣੀ ਪੰਜਵੀਂ ਚਿੱਠੀ ’ਚ ਬੈਨਰਜੀ ਨੇ ਕਿਹਾ ਕਿ 2002 ਦੀਆਂ ਵੋਟਰ ਸੂਚੀਆਂ ਦੇ ਡਿਜਿਟਾਈਜ਼ੇਸ਼ਨ ਦੌਰਾਨ ਏ. ਆਈ. ਟੂਲਸ ਦੀ ਵਰਤੋਂ ਕਰਦੇ ਹੋਏ ਵੋਟਰ ਸੂਚੀਆਂ ’ਚ ਗੰਭੀਰ ਗਲਤੀਆਂ ਕੀਤੀਆਂ ਗਈਆਂ ਸਨ।
ਇਸ ਨਾਲ ਡਾਟਾ ’ਚ ਵੱਡੇ ਫਰਕ ਪੈਦਾ ਹੋਏ ਤੇ ਬਹੁਤ ਸਾਰੇ ਯੋਗ ਵੋਟਰਾਂ ਨੂੰ ਗਲਤ ਢੰਗ ਨਾਲ ਦਰਸਾਇਆ ਗਿਆ।
