ਅਸਾਮ ਚੋਣਾ 2021: ਇਕ ਬੂਥ ’ਤੇ ਸਨ ਸਿਰਫ 90 ਵੋਟਰ ਪਰ EVM ’ਚ ਵੋਟਾਂ ਪਈਆਂ 171

04/06/2021 4:13:15 PM

ਨੈਸ਼ਨਲ ਡੈਸਕ– ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ’ਚ ਇਕ ਬੂਥ ’ਤੇ ਵੱਡੀ ਬੇਨਿਯਮੀ ਦਾ ਖੁਲਾਸਾ ਹੋਇਆ ਹੈ। ਇਥੇ ਸਿਰਫ 90 ਵੋਟਰ ਰਜਿਸਟਰ ਹਨ ਪਰ ਕੁਲ 171 ਵੋਟਾਂ ਪਈਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਬੂਥ ਹਾਫਲੋਂਗ ਖੇਤਰ ’ਚ ਹੈ। ਇਸ ਥਾਂ ਦੂਜੇ ਪੜਾਅ ’ਚ ਇਕ ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਹਾਫਲੋਂਗ ’ਚ 74 ਫੀਸਦੀ ਵੋਟਿੰਗ ਹੋਈ ਸੀ। 

ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਨੇ ਵੋਟਿੰਗ ਬੂਥ ਦੇ ਪੰਜ ਚੋਣ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਇਥੇ ਦੁਬਾਰਾਂ ਵੋਟਿੰਗ ਕਰਵਾਉਣ ਦਾ ਪ੍ਰਸਤਾਵ ਰੱਖਿਆ ਹੈ। ਇਹ ਵੋਟਿੰਗ ਕੇਂਦਰ ਖੋਟਲੀਰ ਐੱਲ.ਪੀ. ਸਕੂਲ ਦੇ 107 (ਏ) ’ਚ ਸੀ। ਹਾਲਾਂਕਿ, ਇਸ ਵੋਟਿੰਗ ਕੇਂਦਰ ’ਤੇ ਦੁਬਾਰਾ ਵੋਟਿੰਗ ਕਰਵਾਉਣ ਲਈ ਅਜੇ ਅਧਿਕਾਰਤ ਹੁਕਮ ਜਾਰੀ ਨਹੀਂ ਕੀਤਾ ਗਿਆ। ਦੀਮਾ ਹਸਾਓ ਦੇ ਪੁਲਸ ਕਮਿਸ਼ਨਰ ਸਹਿ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਮੁਅੱਤਲ ਦਾ ਆਦੇਸ਼ ਦੋ ਅਪ੍ਰੈਲ ਨੂੰ ਹੀ ਜਾਰੀ ਕੀਤਾ ਗਿਆ ਸੀ ਪਰ ਇਹ ਸੋਮਵਾਰ ਨੂੰ ਸਾਹਮਣੇ ਆਇਆ। ਇਸ ਲਾਪਰਵਾਹੀ ਲਈ ਚੋਣ ਕਮਿਸ਼ਨ ਨੇ 5 ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ। 


Rakesh

Content Editor

Related News