ਸੜਕ ਪਾਰ ਕਰ ਰਹੇ ਸੈਂਕੜੇ ਕਾਲੇ ਹਿਰਨਾਂ ਦਾ ਵੀਡੀਓ ਹੋਇਆ ਵਾਇਰਲ, PM ਮੋਦੀ ਨੇ ਦੱਸਿਆ ''ਸ਼ਾਨਦਾਰ''
Thursday, Jul 29, 2021 - 01:37 PM (IST)
ਭਾਵਨਗਰ- ਗੁਜਰਾਤ ਦੇ ਭਾਵਨਗਰ ਜ਼ਿਲ੍ਹੇ 'ਚ ਕਾਲਾ ਹਿਰਨ ਰਾਸ਼ਟਰੀ ਪਾਰਕ ਕੋਲ ਇਕ ਸੜਕ ਪਾਰ ਕਰ ਰਹੇ ਸੈਂਕੜੇ ਕਾਲੇ ਹਿਰਨਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਿਤ ਹੋ ਰਿਹਾ ਹੈ ਅਤੇ ਇਸ ਨਜ਼ਾਰੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਲਾਘਾ ਕੀਤੀ ਹੈ। ਉਕਤ ਵੀਡੀਓ ਗੁਜਰਾਤ ਸੂਚਨਾ ਵਿਭਾਗ ਦੇ ਅਧਿਕਾਰਤ ਟਵਿੱਟਰ ਹੈਂਡਲ ਵਲੋਂ ਬੁੱਧਵਾਰ ਨੂੰ ਸਾਂਝੀ ਕੀਤੀ ਗਈ। ਵਿਭਾਗ ਨੇ ਟਵੀਟ ਕੀਤਾ,''ਕਰੀਬ 3 ਹਜ਼ਾਰ ਕਾਲੇ ਹਿਰਨ ਭਾਵਨਗਰ ਦੇ ਕਾਲਾ ਹਿਰਨ ਰਾਸ਼ਟਰੀ ਪਾਰਕ 'ਚ ਇਕ ਸੜਕ ਪਾਰ ਕਰਦੇ ਦਿੱਸੇ।'' ਸੂਚਨਾ ਵਿਭਾਗ ਵਲੋਂ ਸਾਂਝੇ ਕੀਤੇ ਗਏ ਇਕ ਮਿੰਟ ਦੇ ਇਸ ਵੀਡੀਓ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਿੱਪਣੀ ਕੀਤੀ ਅਤੇ ਇਸ ਨੂੰ 'ਬਿਹਤਰੀਨ' ਦੱਸਿਆ।
Excellent! https://t.co/9xxNLllQtP
— Narendra Modi (@narendramodi) July 28, 2021
ਕਾਲੇ ਹਿਰਨ ਜੰਗਲੀ ਜੀਵ ਸੁਰੱਖਿਆ ਐਕਟ ਦੀ ਪਹਿਲੀ ਅਨੁਸੂਚੀ ਦੇ ਅਧੀਨ ਸੁਰੱਖਿਅਤ ਹਨ। ਰਾਸ਼ਟਰੀ ਪਾਰਕ ਦੇ ਖੇਤਰ ਜੰਗਲਾਤ ਅਧਿਕਾਰੀ ਅੰਕੁਰ ਪਟੇਲ ਅਨੁਸਾਰ, ਕਾਲੇ ਹਿਰਨ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਂਦੇ ਰਹਿੰਦੇ ਹਨ ਅਤੇ ਇਹ ਵੀਡੀਓ ਗ੍ਰਾਮ ਰੱਖਿਅਕ ਦਲ (ਜੀ.ਆਰ.ਡੀ.) ਦੇ ਇਕ ਜਵਾਨ ਨੇ ਲਿਆ ਸੀ, ਜਿਸ ਦੀ ਤਾਇਨਾਤੀ ਧੋਲੇਰਾ-ਭਾਵਨਗਰ ਰਾਜਮਾਰਗ 'ਤੇ ਪੁਲਸ ਜਾਂਚ ਚੌਕੀ 'ਤੇ ਸੀ। ਪਟੇਲ ਨੇ ਦੱਸਿਆ ਕਿ ਵੀਡੀਓ 'ਚ ਨਜ਼ਰ ਆ ਰਹੀ ਸੜਕ ਵੇਲਾਵਦਾਰ ਪਿੰਡ ਅਤੇ ਰਾਸ਼ਟਰੀ ਪਾਰਕ ਨੂੰ ਰਾਜਮਾਰਗ ਨਾਲ ਜੋੜਦੀ ਹੈ। ਅਧਿਕਾਰੀ ਨੇ ਦੱਸਿਆ,''ਸੜਕ ਦੇ ਦੋਹਾਂ ਪਾਸੇ ਦਿੱਸ ਰਹੀ ਜ਼ਮੀਨ ਜੰਗਲਾਤ ਵਿਭਾਗ ਦੀ ਹੈ। ਰਾਤ ਦੀ ਡਿਊਟੀ ਤੋਂ ਆਉਂਦੇ ਸਮੇਂ ਜੀ.ਆਰ.ਡੀ. ਦੇ ਜਵਾਨ ਨੇ ਸਵੇਰੇ ਕਾਲੇ ਹਿਰਨਾਂ ਨੂੰ ਸੜਕ ਪਾਰ ਕਰਦੇ ਦੇਖਿਆ ਅਤੇ ਇਸ ਅਦਭੁੱਤ ਦ੍ਰਿਸ਼ ਨੂੰ ਆਪਣੇ ਮੋਬਾਇਲ 'ਚ ਕੈਦ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੱਤਾ।''