RFID ਟੈਗ ਬਿਨਾਂ ਦਿੱਲੀ ’ਚ ਅੱਜ ਤੋਂ ਵਾਹਨਾਂ ਦਾ ਪ੍ਰਵੇਸ਼ ਬੰਦ
Monday, Jul 01, 2019 - 09:37 AM (IST)

ਨਵੀਂ ਦਿੱਲੀ — ਦਿੱਲੀ ’ਚ 1 ਜੁਲਾਈ ਤੋਂ ਆਰ. ਐੱਫ. ਆਈ. ਡੀ. (ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ) ਟੈਗ ਤੋਂ ਬਿਨਾਂ ਵਾਲੇ ਕਮਰਸ਼ੀਅਲ ਵਾਹਨਾਂ ਦਾ ਪ੍ਰਵੇਸ਼ ਬੰਦ ਹੋ ਜਾਵੇਗਾ। ਸੁਪਰੀਮ ਕੋਰਟ ਅਤੇ ਵਾਤਾਵਰਣ ਕੰਟਰੋਲ ਬੋਰਡ ਦੀ ਸਖਤੀ ਤੋਂ ਬਾਅਦ ਦੱਖਣੀ ਨਿਗਮ ਨੇ ਇਹ ਫੈਸਲਾ ਲਿਆ ਹੈ।
ਇਸ ਸਬੰਧ ’ਚ ਨਿਗਮ ਨੇ ਬੀਤੇ ਦਿਨ ਜਨਤਕ ਸੂਚਨਾ ਜਾਰੀ ਕੀਤੀ। 2 ਪੜਾਵਾਂ ’ਚ ਇਹ ਵਿਵਸਥਾ ਲਾਗੂ ਹੋਵੇਗੀ। ਆਰ. ਐੱਫ. ਆਈ. ਡੀ.(RFID) ਟੈਗ ਨੂੰ ਲੈ ਕੇ ਦੱਖਣੀ ਨਿਗਮ ਕਈ ਡੈੱਡਲਾਈਨ ਪਾਰ ਕਰ ਚੁੱਕਾ ਹੈ। ਦਿੱਲੀ ਦੇ ਸਾਰੇ ਪ੍ਰਵੇਸ਼ ਦੁਆਰਾਂ ’ਤੇ ਮੈਨੁਅਲ ਟੋਲ ਦੀ ਵਿਵਸਥਾ ਕਾਰਨ ਹਮੇਸ਼ਾ ਜਾਮ ਲੱਗਾ ਰਹਿੰਦਾ ਸੀ। ਸੁਪਰੀਮ ਕੋਰਟ ਦੀ ਕਮੇਟੀ ਇਨਵਾਇਰਨਮੈਂਟ ਪਾਲਿਊਸ਼ਨ ਕੰਟਰੋਲ ਅਥਾਰਟੀ (ਈ . ਪੀ. ਸੀ. ਏ.) ਨੇ ਜਾਮ ਖਤਮ ਕਰਨ ਲਈ ਕਿਹਾ ਸੀ। ਇਸ ਲਈ ਨਿਗਮ ਇਸ ਸਾਰੇ ਟੋਲ ਵਾਲੀ ਥਾਵਾਂ ’ਤੇ ਆਰ. ਐੱਫ. ਆਈ. ਡੀ. ਟੈਗ ਲਾ ਰਹੀ ਹੈ। ਅਜੇ ਤੱਕ 8 ਟੋਲ ਪੁਆਇੰਟਾਂ ’ਤੇ ਹੀ ਇਸ ਦਾ ਕਾਰਜ ਪੂਰਾ ਕੀਤਾ ਗਿਆ ਹੈ। ਕਾਰਪੋਰੇਸ਼ਨ ਅਧਿਕਾਰੀਆਂ ਮੁਤਾਬਕ ਟੈਗ ਲਈ ਰਜਿਸਟ੍ਰੇਸ਼ਨ ਨੂੰ ਆਰ. ਸੀ. ਦੀ ਕਾਪੀ ਦੇਣੀ ਹੋਵੇਗੀ। ਟੈਗ ਦੀ ਕੀਮਤ 200 ਰੁਪਏ ਹੈ।
50 ਹਜ਼ਾਰ ਵਾਹਨਾਂ ’ਤੇ ਲੱਗੇ ਟੈਗ
ਦੱਖਣੀ ਨਿਗਮ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਕੁਲ 50 ਹਜ਼ਾਰ ਵਾਹਨਾਂ ’ਤੇ ਆਰ. ਐੱਫ. ਆਈ. ਡੀ. ਟੈਗ ਲਾਏ ਜਾ ਚੁੱਕੇ ਹਨ। ਅਧਿਕਾਰੀ ਦਾ ਦਾਅਵਾ ਹੈ ਕਿ ਨਿਰਧਾਰਤ ਸਾਰੇ 12 ਟੋਲ ਪੁਆਇੰਟਾਂ ’ਤੇ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਨ੍ਹਾਂ ਥਾਵਾਂ ’ਤੇ ਵਿਵਸਥਾ ਲਾਗੂ
ਆਯਾ ਨਗਰ, ਟਿਕਰੀ, ਕਾਪਸਹੇੜਾ, ਸ਼ਾਹਦਰਾ ਮੇਨ , ਸ਼ਾਹਦਰਾ ਫਲਾਈਓਵਰ, ਡੀ. ਐੱਨ. ਡੀ. ਫਲਾਈਓਵਰ, ਰਜੋਕਰੀ, ਕੁੰਡਲੀ
ਜੁਰਮਾਨੇ ਦਾ ਨਿਯਮ
ਜੀ. ਐੱਸ. ਟੀ. ਐਕਟ ਦੀ ਧਾਰਾ-129 ਤਹਿਤ ਮਾਲ ਅਤੇ ਵਾਹਨ ਦੀ ਅਕਵਾਇਰ ਅਤੇ ਧਾਰਾ-130 ਤਹਿਤ ਮਾਲ ਅਤੇ ਵਾਹਨ ਦੀ ਜ਼ਬਤੀ ਹੋ ਸਕਦੀ ਹੈ।
ਨਹੀਂ ਤਾਂ ਫੜੇ ਜਾਣਗੇ
ਵਾਹਨ ’ਚ ਆਰ. ਐੱਫ. ਆਈ. ਡੀ. ਟੈਗ ਲੱਗ ਜਾਣ ਤੋਂ ਬਾਅਦ ਉਸੇ ਟਰੱਕ ਅਤੇ ਉਸੇ ਈ-ਵੇ ਬਿੱਲ ਨਾਲ ਮਾਲ ਦੁਬਾਰਾ ਨਹੀਂ ਆਵੇਗਾ। ਅਜਿਹਾ ਹੋਣ ’ਤੇ ਟਰੱਕ ਅਤੇ ਈ-ਵੇ ਬਿੱਲ ਦਾ ਮਿਲਾਨ ਹੋ ਜਾਵੇਗਾ ਅਤੇ ਵਾਹਨ ਫੜਿਆ ਜਾਵੇਗਾ।