ਵੰਦੇ ਭਾਰਤ ਮਿਸ਼ਨ : 6 ਦਿਨਾਂ ''ਚ ਵਿਦੇਸ਼ਾਂ ਤੋਂ 8500 ਭਾਰਤੀ ਪਰਤੇ ਵਤਨ

Wednesday, May 13, 2020 - 02:12 PM (IST)

ਵੰਦੇ ਭਾਰਤ ਮਿਸ਼ਨ : 6 ਦਿਨਾਂ ''ਚ ਵਿਦੇਸ਼ਾਂ ਤੋਂ 8500 ਭਾਰਤੀ ਪਰਤੇ ਵਤਨ

ਨਵੀਂ ਦਿੱਲੀ (ਵਾਰਤਾ)— ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ 'ਵੰਦੇ ਭਾਰਤ ਮਿਸ਼ਨ' ਤਹਿਤ ਪਹਿਲੇ 6 ਦਿਨ 'ਚ 8503 ਭਾਰਤੀ ਨਾਗਰਿਕ ਦੇਸ਼ ਪਰਤ ਚੁੱਕੇ ਹਨ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ 12 ਮਈ ਤੱਕ 43 ਉਡਾਣਾਂ 'ਚ 8500 ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਗਿਆ ਹੈ। ਮਿਸ਼ਨ ਦੀ ਸ਼ੁਰੂਆਤ 7 ਮਈ 2020 ਤੋਂ ਕੀਤੀ ਗਈ ਸੀ। ਇਸ ਮਿਸ਼ਨ 'ਚ ਏਅਰ ਇੰਡੀਆ ਦੇ 41 ਅਤੇ ਉਸ ਦੀ ਸਹਾਇਕ ਏਅਰ ਇੰਡੀਆ ਐਕਸਪ੍ਰੈੱਸ ਦੀਆਂ 23 ਉਡਾਣਾਂ ਕੰਮ ਕਰ ਰਹੀਆਂ ਹਨ।

ਪੁਰੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਅਤੇ ਸੂਬਾ ਸਰਕਾਰਾਂ ਦੇ ਤਾਲਮੇਲ ਨਾਲ ਨਾਗਰਿਕ ਹਵਾਬਾਜ਼ੀ ਮੰਤਰਾਲਾ ਇਸ ਮਿਸ਼ਨ ਨੂੰ ਅੰਜ਼ਾਮ ਦੇ ਰਿਹਾ ਹੈ। ਇਸ ਮਿਸ਼ਨ ਤਹਿਤ ਪਹਿਲੇ ਪੜਾਅ 'ਚ 12 ਦੇਸ਼ਾਂ ਤੋਂ 64 ਉਡਾਣਾਂ ਜ਼ਰੀਏ 14,800 ਭਾਰਤੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਹੈ। ਹਰਦੀਪ ਪੁਰੀ ਨੇ ਇਹ ਵੀ ਗੱਲ ਸਾਂਝੀ ਕੀਤੀ ਕਿ ਮਿਸ਼ਨ ਦੇ ਦੂਜੇ ਪੜਾਅ 'ਚ 30,000 ਭਾਰਤੀਆਂ ਦੀ ਵਾਪਸੀ ਹੋਵੇਗੀ। ਉਨ੍ਹਾਂ ਕਿਹਾ ਕਿ ਮਿਸ਼ਨ-2 ਤਹਿਤ 31 ਦੇਸ਼ਾਂ ਤੋਂ 149 ਉਡਾਣਾਂ ਜ਼ਰੀਏ ਭਾਰਤੀਆਂ ਨੂੰ ਵਤਨ ਵਾਪਸ ਲਿਆਂਦਾ ਜਾਵੇਗਾ। ਇਸ 'ਚ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਕੰਮ ਕਰਨਗੀਆਂ।


author

Tanu

Content Editor

Related News