UP ਦੇ ਸਾਰੇ ਜ਼ਿਲ੍ਹਿਆਂ ’ਚ 1 ਜੂਨ ਤੋਂ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਲੱਗੇਗੀ ‘ਕੋਰੋਨਾ ਵੈਕਸੀਨ’
Sunday, May 23, 2021 - 01:05 PM (IST)
ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਵਿਚ 1 ਜੂਨ ਤੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਚ 18 ਤੋਂ 44 ਉਮਰ ਵਰਗ ਦੇ ਲੋਕਾਂ ਦਾ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਸੂਬਾ ਸਰਕਾਰ ਦੇ ਬੁਲਾਰੇ ਨੇ ਐਤਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਗਲੇ ਪੜਾਅ ’ਚ ਆਗਾਮੀ 1 ਜੂਨ ਤੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ 18 ਤੋਂ 44 ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਕੀਤੇ ਜਾਣ ਦਾ ਨਿਰਦੇਸ਼ ਦਿੱਤਾ ਹੈ।
ਬੁਲਾਰੇ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਬਹੁਤ ਹੀ ਮਹੱਤਵਪੂਰਨ ਹੈ ਅਤੇ ਮੌਜੂਦਾ ਸਮੇਂ ਵਿਚ ਪ੍ਰਦੇਸ਼ ਦੇ 23 ਜ਼ਿਲ੍ਹਿਆਂ ਵਿਚ 18 ਤੋਂ 44 ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਦਾ ਪ੍ਰੋਗਰਾਮ ਚੱਲ ਰਿਹਾ ਹੈ। ਸੂਬਾ ਸਰਕਾਰ ਨੇ 1 ਮਈ ਤੋਂ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਪਹਿਲੇ ਪੜਾਅ ਵਿਚ ਲਖਨਊ, ਕਾਨਪੁਰ, ਵਾਰਾਨਸੀ, ਗੋਰਖਪੁਰ, ਪ੍ਰਯਾਗਰਾਜ, ਮੇਰਠ ਅਤੇ ਬਰੇਲੀ ਜ਼ਿਲ੍ਹਿਆਂ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਬਾਅਦ ਦੂਜੇ ਪੜਾਅ ਵਿਚ 10 ਮਈ ਤੋਂ ਸੂਬੇ ਦੇ ਸਾਰੇ ਨਗਰ ਨਿਗਮ ਵਾਲੇ 17 ਜ਼ਿਲ੍ਹਾ ਹੈੱਡਕੁਆਰਟਰਾਂ ਸਮੇਤ ਗੌਤਮਬੁੱਧ ਨਗਰ ਜ਼ਿਲ੍ਹੇ (ਕੁੱਲ 18 ਜ਼ਿਲ੍ਹੇ) ’ਚ ਟੀਕਾਕਰਨ ਸ਼ੁਰੂ ਕੀਤਾ ਅਤੇ ਤੀਜੇ ਪੜਾਅ ’ਚ ਟੀਕਾਕਰਨ ਸ਼ੁਰੂ ਕੀਤਾ ਅਤੇ ਤੀਜੇ ਪੜਾਅ ਵਿਚ ਇਸ ਨੂੰ 23 ਜ਼ਿਲ੍ਹਿਆਂ ਵਿਚ ਵਧਾਇਆ ਗਿਆ।
ਮੁੱਖ ਮੰਤਰੀ ਨੇ ਹੁਣ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚ 18 ਤੋਂ 44 ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰੀ ਬਿਆਨ ਮੁਤਾਬਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ 45 ਸਾਲ ਤੋਂ ਉੱਪਰ ਦੇ ਲੋਕਾਂ ਦਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਸ਼ਨੀਵਾਰ ਤੱਕ ਕੋਵਿਡ ਟੀਕੇ ਦੀਆਂ 1 ਕਰੋੜ 62 ਲੱਖ ਤੋਂ ਵਧੇਰੇ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।