ਵੀ.ਨਰਾਇਣਨ ਨੇ ਇਸਰੋ ਦੇ ਮੁਖੀ ਦਾ ਸੰਭਾਲਿਆ ਅਹੁਦਾ
Tuesday, Jan 14, 2025 - 10:00 AM (IST)
ਬੈਂਗਲੁਰੂ- ਵੀ. ਨਾਰਾਇਣਨ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਐਸ. ਸੋਮਨਾਥ ਦੀ ਥਾਂ ਇਹ ਅਹੁਦਾ ਸੰਭਾਲਿਆ ਹੈ। ਇਸਰੋ ਨੇ ਇਕ ਬਿਆਨ ਵਿਚ ਕਿਹਾ ਕਿ ਵਿਸ਼ੇਸ਼ ਵਿਗਿਆਨੀ (ਉੱਚ ਦਰਜੇ ਦੇ) ਡਾਕਟਰ ਵੀ. ਨਾਰਾਇਣਨ ਨੇ 13 ਜਨਵਰੀ 2025 ਨੂੰ ਪੁਲਾੜ ਵਿਭਾਗ ਦੇ ਸਕੱਤਰ, ਸਪੇਸ ਕਮਿਸ਼ਨ ਦੇ ਚੇਅਰਮੈਨ ਅਤੇ ਇਸਰੋ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ।
ਇਸ ਤੋਂ ਪਹਿਲਾਂ ਨਾਰਾਇਣਨ ਨੇ ISRO ਦੇ 'ਲਿਕੁਇਡ ਪ੍ਰੋਪਲਸ਼ਨ ਸਿਸਟਮਸ ਸੈਂਟਰ' (LPSC) ਦੇ ਡਾਇਰੈਕਟਰ ਵਜੋਂ ਸੇਵਾ ਕੀਤੀ, ਜੋ ਕਿ ਲਾਂਚ ਵਾਹਨਾਂ ਅਤੇ ਪੁਲਾੜ ਯਾਨ ਲਈ ਪ੍ਰੋਪਲਸ਼ਨ ਪ੍ਰਣਾਲੀਆਂ ਦੇ ਵਿਕਾਸ ਲਈ ਜ਼ਿੰਮੇਵਾਰ ਇਕ ਪ੍ਰਮੁੱਖ ਕੇਂਦਰ ਹੈ। ਉਨ੍ਹਾਂ ਨੇ ਭਾਰਤ ਦੇ ਮਹੱਤਵਪੂਰਨ ਮਨੁੱਖੀ ਪੁਲਾੜ ਉਡਾਣ ਮਿਸ਼ਨ 'ਗਗਨਯਾਨ' ਪ੍ਰੋਗਰਾਮ ਲਈ ਰਾਸ਼ਟਰੀ ਪੱਧਰ ਦੇ ਮਨੁੱਖੀ ਦਰਜਾਬੰਦੀ ਪ੍ਰਮਾਣੀਕਰਣ ਬੋਰਡ (HRCB) ਦੇ ਚੇਅਰਮੈਨ ਵਜੋਂ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ 1984 ਵਿਚ ਇਸਰੋ ਨਾਲ ਜੁੜੇ ਸਨ।