ਉੱਤਰਾਖੰਡ ’ਚ 92 ਦਿਨਾਂ ਬਾਅਦ ਭਾਰੀ ਬਰਫ਼ਬਾਰੀ, ਸ਼ਿਮਲਾ ਦੂਜੇ ਦਿਨ ਵੀ ਰਿਹਾ ਬੰਦ

Saturday, Jan 24, 2026 - 10:41 PM (IST)

ਉੱਤਰਾਖੰਡ ’ਚ 92 ਦਿਨਾਂ ਬਾਅਦ ਭਾਰੀ ਬਰਫ਼ਬਾਰੀ, ਸ਼ਿਮਲਾ ਦੂਜੇ ਦਿਨ ਵੀ ਰਿਹਾ ਬੰਦ

ਦੇਹਰਾਦੂਨ, (ਭਾਸ਼ਾ)- ਉਤਰਾਖੰਡ ’ਚ ਆਖ਼ਰਕਾਰ ਮੌਸਮ ਮਿਹਰਬਾਨ ਹੋ ਗਿਆ ਹੈ। ਬਸੰਤ ਪੰਚਮੀ ’ਤੇ ਉਤਰਾਖੰਡ ਨੂੰ ਬਦਰੀ-ਕੇਦਾਰ, ਗੰਗੋਤਰੀ, ਯਮੁਨੋਤਰੀ, ਆਦਿ ਕੈਲਾਸ਼ ਸਮੇਤ ਉੱਚਾਈ ਵਾਲੇ ਇਲਾਕਿਆਂ ’ਚ ਬਰਫ਼ਬਾਰੀ ਦੀ ਸੌਗਾਤ ਮਿਲੀ। ਪਹਾੜਾਂ ਤੋਂ ਲੈ ਕੇ ਮੈਦਾਨ ਤੱਕ 92 ਦਿਨ ਬਾਅਦ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਜਾਰੀ ਹੈ। ਹੇਠਲੇ ਖੇਤਰਾਂ ’ਚ ਮੀਂਹ ਕਾਰਨ ਤਾਪਮਾਨ ’ਚ ਗਿਰਾਵਟ ਆਉਣ ਨਾਲ ਠੰਢ ’ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਮੀਂਹ ਅਤੇ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਕਰੀਬ ਡੇਢ ਫੁੱਟ ਤੱਕ ਹੋਈ ਭਾਰੀ ਬਰਫ਼ਬਾਰੀ ਦੇ ਕਾਰਨ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਜ਼ਿਆਦਾਤਰ ਸੜਕਾਂ ਬੰਦ ਰਹਿਣ ਨਾਲ ਆਵਾਜਾਈ ਲੱਗਭਗ ਠੱਪ ਹੋ ਗਈ ਅਤੇ ਸ਼ਹਿਰ ਦਾ ਸੰਪਰਕ ਆਲੇ-ਦੁਆਲੇ ਦੇ ਖੇਤਰਾਂ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲੋਂ ਕੱਟਿਆ ਰਿਹਾ। ਜਨਵਰੀ ਦੇ ਆਖ਼ਰੀ ਹਫ਼ਤੇ ’ਚ ਇਸ ਸੀਜ਼ਨ ਦੀ ਪਹਿਲੀ ਵਿਆਪਕ ਬਰਫ਼ਬਾਰੀ ਨਾਲ ਕੇਦਾਰਨਾਥ ਧਾਮ ’ਚ ਇਕ ਫੁੱਟ ਤੱਕ ਬਰਫ਼ ਜੰਮ ਗਈ ਹੈ।

ਇਸ ਦੌਰਾਨ, ਸ਼ਨੀਵਾਰ ਦੁਪਹਿਰ ਤੱਕ ਸੜਕਾਂ ਅਤੇ ਪ੍ਰਮੁੱਖ ਸੰਪਰਕ ਮਾਰਗ ਬਹਾਲ ਨਹੀਂ ਹੋ ਸਕੇ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਿਮਲਾ ਪੁਲਸ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਤਾਜ਼ਾ ਆਵਾਜਾਈ ਸਬੰਧੀ ਸੂਚਨਾ ਅਨੁਸਾਰ, ਭਾਰੀ ਬਰਫ਼ਬਾਰੀ ਅਤੇ ਤਿਲਕਣ ਕਾਰਨ ਸ਼ਿਮਲਾ ਤੋਂ ਬਾਹਰ ਜਾਣ ਵਾਲੀਆਂ ਕਈ ਪ੍ਰਮੁੱਖ ਸੜਕਾਂ ਬੰਦ ਰਹੀਆਂ। ਇਨ੍ਹਾਂ ’ਚ ਸ਼ਿਮਲਾ-ਕਰਸੋਗ, ਸ਼ਿਮਲਾ-ਥਿਓਗ, ਥਿਓਗ-ਕੋਟਖਾਈ, ਥਿਓਗ-ਰਾਮਪੁਰ, ਥਿਓਗ-ਰੋਹੜੂ ਅਤੇ ਥਿਓਗ-ਚੌਪਾਲ ਮਾਰਗ ਸ਼ਾਮਲ ਹਨ।


author

Rakesh

Content Editor

Related News