ਕੋਰੋਨਾ ਦੇ ਬਾਵਜੂਦ ਮਹਾਕੁੰਭ ਦੇ ਦੂਜੇ ਸ਼ਾਹੀ ਇਸ਼ਨਾਨ ''ਤੇ ਕਰੀਬ 20 ਲੱਖ ਲੋਕਾਂ ਨੇ ਇਸ਼ਨਾਨ ਕੀਤਾ
Monday, Apr 12, 2021 - 01:27 PM (IST)
ਹਰਿਦੁਆਰ- ਉਤਰਾਖੰਡ ਦੀ ਤੀਰਥ ਨਗਰੀ ਹਰਿਦੁਆਰ 'ਚ ਕਰੀਬ 20 ਲੱਖ ਸ਼ਰਧਾਲੂਆਂ ਨੇ ਹਰਿ ਕੀ ਪੌੜੀ ਸਮੇਤ ਵੱਖ-ਵੱਖ ਘਾਟਾਂ 'ਤੇ ਇਸ਼ਾਨ ਕੀਤਾ। ਅੱਜ ਯਾਨੀ ਸੋਮਵਾਰ ਨੂੰ ਮੱਸਿਆ ਦਾ ਇਸ਼ਨਾਨ ਹੋਣ ਕਾਰਨ ਭਾਰੀ ਗਿਣਤੀ 'ਚ ਸ਼ਰਧਾਲੂ ਇਕ ਦਿਨ ਪਹਿਲਾਂ ਹੀ ਹਰਿਦੁਆਰ ਪਹੁੰਚ ਗਏ ਸਨ। ਕੋਰੋਨਾ ਲਾਗ਼ ਕਾਰਨ ਹਰਿਦੁਆਰ 'ਚ ਸਾਰੀਆਂ ਸਰਹੱਦਾਂ 'ਤੇ ਜਾਂਚ ਮੁਹਿੰਮ ਚਲਾਈ ਗਈ। ਜਿਨ੍ਹਾਂ ਯਾਤਰੀਆਂ ਕੋਲ ਆਰ.ਟੀ. ਪੀ.ਸੀ.ਆਰ. ਨੈਗੇਟਿਵ ਰਿਪੋਰਟ ਨਹੀਂ ਸੀ ਅਤੇ ਜਿਨ੍ਹਾਂ ਲੋਕਾਂ ਨੇ ਪੋਰਟਲ 'ਤੇ ਰਜਿਸਟਰੇਸ਼ਨ ਨਹੀਂ ਕਰਵਾਇਆ ਸੀ, ਉਨ੍ਹਾਂ ਨੂੰ ਸਰਹੱਦ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਇਸ ਵਿਚ ਅਖਾੜਿਆਂ ਦੇ ਕਈ ਮੁੱਖ ਸੰਤ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਅੱਜ ਦੀਆਂ ਗਤੀਵਿਧੀਆਂ 'ਚ ਹਿੱਸਾ ਨਹੀਂ ਲੈ ਸਕਣਗੇ। ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੇਂਦਰ ਨਰੇਂਦਰ ਗਿਰੀ ਸਮੇਤ ਨਿਰਨਯ ਅਖਾੜਾ ਦੇ ਕਈ ਸੰਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੁਲਸ ਡਾਇਰੈਕਟਰ ਜਨਰਲ ਸੰਜੇ ਗੁੰਜਯਾਲ ਨੇ ਦੱਸਿਆ ਕਿ ਪੂਰੇ ਮੇਲਾ ਖੇਤਰ 'ਚ ਭਾਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ।
ਸਾਰੀਆਂ ਥਾਂਵਾਂ 'ਤੇ ਪੁਲਸ ਅਤੇ ਪੈਰਾ ਮਿਲੀਟਰੀ ਫ਼ੋਰਸ ਲਗਾ ਦਿੱਤੀ ਗਈ ਹੈ, ਸ਼ਹਿਰ ਦੇ ਅੰਦਰ ਜਗ੍ਹਾ-ਜਗ੍ਹਾ ਬੈਰੀਅਰ ਲਗਾ ਕੇ ਸਾਰੇ ਤਰ੍ਹਾਂ ਦੇ ਵਾਹਨਾਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਗਿਆ ਹੈ ਅਤੇ ਬੀਤੀ ਰਾਤ ਤੋਂ ਹੀ ਬਾਹਰੋਂ ਆਉਣ ਵਾਲੇ ਸਾਰੇ ਤਰ੍ਹਾਂ ਦੇ ਦੋਪਹੀਆ ਵਾਹਨਾਂ ਨੂੰ ਤੈਅ ਪਾਰਕਿੰਗ ਤੋਂ ਇਲਾਵਾ ਹੋਰ ਥਾਂਵਾਂ 'ਤੇ ਜਾਣ ਦੀ ਛੋਟ ਨਹੀਂ ਹੈ। ਹਰਿਦੁਆਰ 'ਚ ਕੋਰੋਨਾ ਲਾਗ਼ ਕਾਰਨ ਪ੍ਰਸ਼ਾਸਨ ਨੇ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਸਨ, ਜਿਸ ਦੇ ਅਧੀਨ ਆਉਣ ਵਾਲੇ ਸ਼ਰਧਾਲੂਆਂ ਨੇ 72 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਜ਼ਰੂਰੀ ਹੈ, ਨਾਲ ਹੀ ਕੁੰਭ ਦੇ ਪੋਰਟਲ 'ਤੇ ਵੀ ਰਜਿਸਟਰੇਸ਼ਨ ਕਰਵਾਉਣ ਦੀ ਜ਼ਰੂਰਤ ਰੱਖੀ ਗਈ ਹੈ। ਇਸ ਦੇ ਬਾਵਜੂਦ ਭਾਰੀ ਗਿਣਤੀ 'ਚ ਸ਼ਰਧਾਲੂ ਹਰਿਦੁਆਰ ਪਹੁੰਚ ਰਹੇ ਹਨ।