ਉਤਰਾਖੰਡ ''ਚ ਹੜ੍ਹ ਦੀ ਸਥਿਤੀ ''ਤੇ ਸ਼ਾਹ ਦੀ ਨਜ਼ਰ, ਦਿੱਲੀ ਤੋਂ ਭੇਜੀਆਂ NDRF ਦੀਆਂ ਟੀਮਾਂ
Sunday, Feb 07, 2021 - 03:26 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਗਲੇਸ਼ੀਅਰ ਟੁੱਟਣ ਕਾਰਨ ਅਚਾਨਕ ਆਏ ਹੜ੍ਹ ਦੀ ਸਥਿਤੀ 'ਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਗੱਲ ਕੀਤੀ ਅਤੇ ਕਿਹਾ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਕੁਝ ਟੀਮਾਂ ਦਿੱਲੀ ਤੋਂ ਹਵਾਈ ਮਾਰਗ ਤੋਂ ਉਤਰਾਖੰਡ ਭੇਜੀਆਂ ਜਾ ਰਹੀਆਂ ਹਨ। ਸ਼ਾਹ ਨੇ ਟਵੀਟ ਕੀਤਾ,''ਉਤਰਾਖੰਡ 'ਚ ਕੁਦਰਤੀ ਆਫ਼ਤ ਦੀ ਸੂਚਨਾ ਦੇ ਸੰਬੰਧ 'ਚ ਮੈਂ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਆਈ.ਟੀ.ਬੀ.ਪੀ. ਦੇ ਡਾਇਰੈਕਟਰ ਜਨਰਲ ਅਤੇ ਐੱਨ.ਡੀ.ਆਰ.ਐੱਫ. ਦੇ ਡਾਇਰੈਕਟਰ ਜਨਰਲ ਨਾਲ ਗੱਲ ਕੀਤੀ ਹੈ।'' ਉਨ੍ਹਾਂ ਨੇ ਕਿਹਾ ਕਿ ਸਾਰੇ ਸੰਬੰਧਤ ਅਧਿਕਾਰੀ ਲੋਕਾਂ ਨੂੰ ਸੁਰੱਖਿਅਤ ਕਰਨ 'ਚ ਯੁੱਧ ਪੱਧਰ 'ਤੇ ਕੰਮ ਕਰ ਰਹੇ ਹਨ। ਐੱਨ.ਡੀ.ਆਰ.ਐੱਫ. ਦੀ ਟੀਮ ਬਚਾਅ ਕੰਮ ਲਈ ਨਿਕਲ ਗਈ ਹੈ। ਦੇਵਭੂਮੀ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਚਮੋਲੀ 'ਚ ਗਲੇਸ਼ੀਅਰ ਟੁੱਟਣ ਕਾਰਨ ਭਾਰੀ ਤਬਾਹੀ, ਹਰਿਦੁਆਰ 'ਚ ਹਾਈ ਅਲਰਟ, ਤਸਵੀਰਾਂ 'ਚ ਦੇਖੋ ਮੰਜ਼ਰ
ਸ਼ਾਹ ਨੇ ਕਿਹਾ,''ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੀਆਂ ਕੁਝ ਹੋਰ ਟੀਮਾਂ ਦਿੱਲੀ ਤੋਂ ਹਵਾਈ ਮਾਰਗ ਤੋਂ ਉਤਰਖੰਡ ਭੇਜੀਆਂ ਜਾ ਰਹੀਆਂ ਹਨ। ਅਸੀਂ ਉੱਥੇ ਦੀ ਸਥਿਤੀ 'ਚ ਲਗਾਤਾਰ ਨਜ਼ਰ ਰੱਖ ਰਹੇ ਹਾਂ।'' ਦੱਸਣਯੋਗ ਹੈ ਕਿ ਉਤਰਖੰਡ ਦੇ ਚਮੋਲੀ ਜ਼ਿਲ੍ਹੇ 'ਚ ਰਿਸ਼ੀਗੰਗਾ ਘਾਟੀ 'ਚ ਐਤਵਾਰ ਨੂੰ ਗਲੇਸ਼ੀਅਰ ਦੇ ਟੁੱਟਣ ਨਾਲ ਅਲਕਨੰਦਾ ਅਤੇ ਇਸ ਦੀਆਂ ਸਹਾਇਕ ਨਦੀਆਂ 'ਚ ਅਚਾਨਕ ਭਿਆਨਕ ਹੜ੍ਹ ਆ ਗਿਆ ਹੈ।