ਉੱਤਰਾਖੰਡ ’ਚ ਅਜਿਹੀ ਸਰਕਾਰ ਜ਼ਰੂਰੀ, ਜੋ ਮੋਦੀ ਸਰਕਾਰ ਦੇ ਨਾਲ ਚੱਲੇ: ਪੁਸ਼ਕਰ ਸਿੰਘ ਧਾਮੀ

02/06/2022 1:35:12 PM

‘ਜਗ ਬਾਣੀ’ ਨਾਲ ਖਾਸ ਗੱਲਬਾਤ ’ਚ ਬੋਲੇ ਦੇਵਭੂਮੀ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ
ਦੇਵਭੂਮੀ ਉੱਤਰਾਖੰਡ ’ਚ ਭਾਜਪਾ ਖੁਦ ਨੂੰ ਬਿਹਤਰ ਸਥਿਤੀ ’ਚ ਮੰਨਦੀ ਹੈ। ਪਿਛਲੇ ਸਾਲ 6 ਮਹੀਨਿਆਂ ’ਚ 3-3 ਮੁੱਖ ਮੰਤਰੀ ਬਦਲਣ ਤੋਂ ਬਾਅਦ ਅਜਿਹਾ ਵੀ ਸਮਾਂ ਆਇਆ ਜਦੋਂ ਭਾਜਪਾ ਨੂੰ ਚੋਣ ਸੀਨ ਤੋਂ ਗਾਇਬ ਮੰਨਿਆ ਜਾਣ ਲੱਗਾ ਪਰ ਜੁਲਾਈ ’ਚ ਜਦੋਂ ਕੇਂਦਰੀ ਲੀਡਰਸ਼ਿਪ ਨੇ ਪੁਸ਼ਕਰ ਸਿੰਘ ਧਾਮੀ ਨੂੰ ਮੁੱਖ ਮੰਤਰੀ ਬਣਾਇਆ ਤੇ ਉਨ੍ਹਾਂ ਨੇ ਤਾਬੜਤੋੜ ਬੱਲੇਬਾਜ਼ੀ ਸ਼ੁਰੂ ਕੀਤੀ ਤਾਂ ਹਾਲਾਤ ਬਦਲਣ ਲੱਗੇ। ਪਾਰਟੀ ਵਰਕਰਾਂ ’ਚ ਜੋਸ਼ ਆਇਆ ਤੇ ਉਹ ਮੈਦਾਨ ’ਚ ਉੱਤਰ ਗਏ। ਧਾਮੀ ਨੇ 6 ਮਹੀਨਿਆਂ ਦੇ ਕਾਰਜਕਾਲ ’ਚ ਛੇ ਸੌ ਤੋਂ ਜ਼ਿਆਦਾ ਐਲਾਨ ਕੀਤੇ ਤੇ ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਜ਼ਮੀਨ ’ਤੇ ਉਤਾਰਿਆ।

ਉੱਧਰ, ਕੇਂਦਰੀ ਲੀਡਰਸ਼ਿਪ ਨੇ ਵੀ ਸੂਬੇ ਦੇ ਨੌਜਵਾਨ ਮੁੱਖ ਮੰਤਰੀ ਨੂੰ ਭਰਪੂਰ ਸਹਿਯੋਗ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਭਾਜਪਾ ’ਚ ਨਵੀਂ ਤਾਕਤ ਆਈ ਤੇ ਉਹ ਫਿਰ ਤੋਂ ਸਾਲ 2017 ਨੂੰ ਦੁਹਰਾਉਣ ਦਾ ਦਾਅਵਾ ਕਰਨ ਲੱਗੀ ਹੈ। ਭਾਜਪਾ ਦਾ ਇਹ ਦਾਅਵਾ ਕਿੰਨਾ ਸਫਲ ਹੋਵੇਗਾ ਇਹ ਸਮਾਂ ਦੱਸੇਗਾ ਪਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੰਨਦੇ ਹਨ ਕਿ ਕੇਂਦਰ ਤੇ ਸੂਬੇ ਦੀ ਡਬਲ ਇੰਜਣ ਵਾਲੀ ਸਰਕਾਰ ਦੇ ਕੰਮਕਾਜ ਦੀ ਬਦੌਲਤ ਉਹ ਦੁਬਾਰਾ ਸਰਕਾਰ ਬਣਾਉਣ ’ਚ ਸਫਲ ਹੋਣਗੇ। ਕਿਉਂ ਤੇ ਕਿਵੇਂ? ਇਸ ਵਿਸ਼ੇ ’ਤੇ ਪੇਸ਼ ਹੈ ਉਨ੍ਹਾਂ ਨਾਲ ਪੰਜਾਬ ਕੇਸਰੀ/ ਨਵੋਦਿਆ ਟਾਈਮਸ/ ਜਗ ਬਾਣੀ/ਹਿੰਦ ਸਮਾਚਾਰ ਦੇ ਰਾਜੀਵ ਥਪਲਿਆਲ ਤੇ ਸੰਜੈ ਝਾਅ ਦੀ ਗੱਲਬਾਤ ਦੇ ਅੰਸ਼।

-ਉੱਤਰਾਖੰਡ ਵਿਚ ਧਾਮੀ ਹੀ ਕਿਉਂ?

-ਸੂਬੇ ਦੇ ਲੋਕਾਂ ਦਾ ਪੂਰਨ ਵਿਕਾਸ ਜ਼ਰੂਰੀ ਹੈ। ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਨਾਲ ਹੀ ਰੋਜ਼ਗਾਰ ਸਿਰਜਣ ਦੇ ਮੌਕੇ ਪੈਦਾ ਕਰਨੇ ਹਨ। ਸੂਬੇ ’ਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਹੋਣਾ ਹੈ। ਇਨ੍ਹਾਂ ਸਾਰਿਆਂ ਨੂੰ ਪੂਰਾ ਕਰਨ ਲਈ ਉੱਤਰਾਖੰਡ ’ਚ ਭਾਜਪਾ ਦਾ ਆਉਣਾ ਜ਼ਰੂਰੀ ਹੈ। ਸੂਬੇ ’ਚ ਅਜਿਹੀ ਸਰਕਾਰ ਆਉਣੀ ਜ਼ਰੂਰੀ ਹੈ ਜੋ ਮੋਦੀ ਸਰਕਾਰ ਦੇ ਨਾਲ ਚੱਲੇ।

-ਤੁਸੀਂ ਅਕਸਰ ਕਹਿੰਦੇ ਹੋ ਇਸ ਵਾਰ ਦੀਆਂ ਚੋਣਾਂ ਸਾਡੇ ਕੰਮ ਅਤੇ ਉਨ੍ਹਾਂ ਦੇ ਕਾਰਨਾਮਿਆਂ ਵਿਚਕਾਰ ਹੋਣਗੀਆਂ। ਉਨ੍ਹਾਂ ਦੇ ਕਾਰਨਾਮਿਆਂ ਤੋਂ ਕੀ ਮਤਲਬ ਹੈ?

-ਉਨ੍ਹਾਂ ਦੇ ਕਾਲੇ ਕਾਰਨਾਮੇ, ਜੋ ਉਨ੍ਹਾਂ ਨੇ ਸਰਕਾਰ ’ਚ ਰਹਿੰਦੇ ਹੋਏ ਕੀਤੇ। ਵੇਖਿਆ ਜਾਵੇ ਤਾਂ ਸੂਬੇ ’ਚ ਕਾਂਗਰਸ ਦਾ ਇਤਿਹਾਸ ਰਿਹਾ ਹੈ ਕਾਲੇ ਕਾਰਨਾਮਿਆਂ ਦਾ। ਹਰੀਸ਼ ਰਾਵਤ ਦੇ ਕਾਰਜਕਾਲ ’ਚ ਜੋ ਘੋਟਾਲੇ ਹੋਏ, ਜੋ ਭ੍ਰਿਸ਼ਟਾਚਾਰ ਹੋਏ, ਉਨ੍ਹਾਂ ਦਾ ਸਟਿੰਗ ਆਪ੍ਰੇਸ਼ਨ ਹੋਇਆ, ਉਨ੍ਹਾਂ ਨੂੰ ਕੌਣ ਭੁੱਲ ਸਕਦਾ ਹੈ?

-ਹਰੀਸ਼ ਰਾਵਤ ਦੇ ਸਮੇਂ ’ਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਵਿਧਾਨਸਭਾ ਚੋਣਾਂ ’ਚ ਉਹ ਹਾਰ ਗਏ। ਮਤਲਬ ਲੋਕਾਂ ਦੀ ਅਦਾਲਤ ਤੋਂ ਉਨ੍ਹਾਂ ਨੂੰ ਸਜ਼ਾ ਮਿਲ ਚੁੱਕੀ ਹੈ। ਹੁਣ ਕਿਸ ਕਾਰਨਾਮੇ ਦੀ ਗੱਲ ਤੁਸੀਂ ਕਰ ਰਹੇ ਹੋ? ਪਿਛਲੇ 5 ਸਾਲ ਤੋਂ ਤਾਂ ਤੁਹਾਡੀ ਸਰਕਾਰ ਹੈ?

-ਹਰੀਸ਼ ਰਾਵਤ ਤੇ ਕਾਂਗਰਸ ਦੇ ਪੁਰਾਣੇ ਕਾਲੇ ਕਾਰਨਾਮੇ ਹੀ ਉਨ੍ਹਾਂ ਨੂੰ ਫਿਰ ਤੋਂ ਚੋਣਾਂ ਹਰਾਉਣਗੇ।

-ਇਹ ਤਾਂ ਰਹੇ ਉਨ੍ਹਾਂ ਦੇ ਕਾਰਨਾਮੇ। ਹੁਣ ਆਪਣੇ ਕਾਰਜ ਵੀ ਦੱਸੋ?

-ਸਾਡੇ ਕੰਮ। ਚਾਰਧਾਮ ਯਾਤਰਾ ਲਈ ਆਲਵੈਦਰ ਰੋਡ ਅਤੇ ਪਹਾੜਾਂ ’ਤੇ ਰੇਲ ਪਹੁੰਚਾਉਣ ਦੇ ਕਾਰਜ ’ਚ ਰਿਸ਼ੀਕੇਸ਼ ਕਰਨਪ੍ਰਯਾਗ ਰੇਲ ਲਾਈਨ ਦਾ ਨਿਰਮਾਣ। ਰਿਸ਼ੀਕੇਸ਼ ’ਚ ਏਮਸ ਖੁੱਲ੍ਹਵਾਇਆ। ਰੁਦਰਪੁਰ ’ਚ ਏਮਸ ਦੀ ਨੀਂਹ ਰੱਖੀ ਜਾ ਚੁੱਕੀ ਹੈ। ਪਿਥੌਰਾਗੜ੍ਹ, ਅਲਮੋੜਾ ’ਚ ਮੈਡੀਕਲ ਕਾਲਜ ਦੀ ਸਥਾਪਨਾ ਕਰਵਾਈ। ਦੇਹਰਾਦੂਨ ’ਚ ਮੈਡੀਕਲ ਕਾਲਜ ਖੁੱਲ੍ਹਵਾਇਆ। ਹਰਿਦੁਆਰ ’ਚ ਮੈਡੀਕਲ ਕਾਲਜ ਦੀ ਸਥਾਪਨਾ ਦੀ ਪ੍ਰਕਿਰਿਆ ਸ਼ੁਰੂ ਹੋਈ। ਸ੍ਰੀਨਗਰ ਮੈਡੀਕਲ ਕਾਲਜ ਨੂੰ ਅਪਗ੍ਰੇਡ ਕੀਤਾ। ਰੁਦਰਪੁਰ ’ਚ ਮੈਡੀਕਲ ਕਾਲਜ ਖੁੱਲ੍ਹ ਰਿਹਾ ਹੈ।

-ਕਾਂਗਰਸ ਦਾ ਦੋਸ਼ ਹੈ ਕਿ ਉੱਤਰਾਖੰਡ ਵਿਚ ਸਿਹਤ ਦੇ ਖੇਤਰ ’ਚ ਪ੍ਰਤੀ ਵਿਅਕਤੀ ਔਸਤ ਸਾਲਾਨਾ ਖਰਚ 5,887 ਰੁਪਏ ਹੈ, ਜਦਕਿ ਹੋਰ ਹਿਮਾਲਾ ਰਾਜਾਂ ਜਿਵੇਂ ਅਰੁਣਾਚਲ ਅਤੇ ਸਿੱਕਿਮ ’ਚ 20 ਹਜ਼ਾਰ ਤੋਂ ਜ਼ਿਆਦਾ ਔਸਤ ਸਾਲਾਨਾ ਖਰਚ ਹੈ। ਇੰਨੀ ਮਾਮੂਲੀ ਰਕਮ ’ਚ ਉੱਤਰਾਖੰਡ ’ਚ ਹੈਲਥ ਸੈਕਟਰ ਦੀ ਸਥਿਤੀ ਕਿਵੇਂ ਸੁਧਰੇਗੀ?

-ਤੁਸੀਂ ਉਨ੍ਹਾਂ ਨੂੰ ਪੁੱਛੋ ਕਿ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਕਿੰਨਾ ਖਰਚ ਕਰਦੇ ਸੀ? ਇਨ੍ਹਾਂ ਨੇ ਸਰਕਾਰ ’ਚ ਆਉਣਾ ਤਾਂ ਹੈ ਨਹੀਂ। ਉਨ੍ਹਾਂ ਦੀ ਕੁਝ ਜ਼ਿੰਮੇਵਾਰੀ ਨਹੀਂ ਹੈ। ਇਸ ਲਈ ਉਹ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ। ਤੁਸੀਂ ‘ਚਾਰਧਾਮ ਚਾਰ ਕੰਮ’ ਦਾ ਐਲਾਨ ਕਰ ਰਹੇ ਹੋ। ਪੰਜ ਸੌ ਰੁਪਏ ’ਚ ਐੱਲ. ਪੀ. ਜੀ. ਸਿਲੰਡਰ ਤੇ ਸਾਰਿਆਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਦੇ ਹੋ ਪਰ ਸਵਾਲ ਇਹ ਹੈ ਕਿ ਜਿੱਥੇ ਤੁਹਾਡੀ ਸਰਕਾਰ ਹੈ ਉੱਥੇ ਇਸ ਯੋਜਨਾ ਨੂੰ ਲਾਗੂ ਕਿਉਂ ਨਹੀਂ ਕਰਦੇ? ਕੀ ਰਾਜਸਥਾਨ, ਮਹਾਰਾਸ਼ਟਰ ਤੇ ਛੱਤੀਸਗੜ੍ਹ ’ਚ ਇਸ ਯੋਜਨਾ ਨੂੰ ਲਾਗੂ ਕੀਤਾ? ਕੀ ਉੱਥੇ ਸਾਰਿਆਂ ਨੂੰ ਰੋਜ਼ਗਾਰ ਮਿਲ ਗਿਆ? ਕੀ ਉੱਥੇ 5 ਸੌ ਰੁਪਏ ’ਚ ਸਿਲੰਡਰ ਦਿੱਤਾ? ਬਿਲਕੁਲ ਨਹੀਂ। ਕਾਂਗਰਸ ਨੇ ਦੇਸ਼ ਨੂੰ ਸਿਰਫ ਠੱਗਿਆ ਹੈ। ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਸ ਨੇ ਦੇਸ਼ ਨਾਲ ਪਖੰਡ ਕੀਤਾ ਹੈ, ਜੇਕਰ ਭ੍ਰਿਸ਼ਟਾਚਾਰ ਦੀ ਜਨਨੀ ਕੋਈ ਹੈ ਤਾਂ ਉਹ ਕਾਂਗਰਸ ਪਾਰਟੀ ਹੈ। ਦੇਸ਼ ਅੰਦਰ 60 ਸਾਲਾਂ ਤੱਕ ਇਕ ਪਾਰਟੀ ਤੇ ਇਕ ਪਰਿਵਾਰ ਨੇ ਰਾਜ ਕੀਤਾ। ਉਸ ਨੇ ਗਰੀਬੀ ਨਹੀਂ ਗਰੀਬਾਂ ਨੂੰ ਖਤਮ ਕੀਤਾ। ਹੁਣ ਪੀ. ਐੱਮ. ਮੋਦੀ ਦੀ ਅਗਵਾਈ ’ਚ ਪੂਰਾ ਦੇਸ਼ ਤਰੱਕੀ ਕਰ ਰਿਹਾ ਹੈ, ਅੱਗੇ ਵੱਧ ਰਿਹਾ ਹੈ। ਦੁਨੀਆ ’ਚ ਭਾਰਤ ਦਾ ਮਾਣ-ਸਨਮਾਨ ਵਧ ਰਿਹਾ ਹੈ। ਕੋਰੋਨਾ ਮਹਾਮਾਰੀ ’ਚ ਮੋਦੀ ਸਰਕਾਰ ਨੇ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਮੁਫ਼ਤ ’ਚ ਚਲਾਇਆ। 150 ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਹੁਣ ਤੱਕ ਲਾਈ ਗਈ। ਇਹ ਕੰਮ ਪੀ. ਐੱਮ. ਮੋਦੀ ਦੀ ਅਗਵਾਈ ’ਚ ਸੰਭਵ ਹੋ ਸਕਿਆ। ਉੱਜਵਲਾ ਯੋਜਨਾ ’ਚ ਗਰੀਬਾਂ ਨੂੰ ਫ੍ਰੀ ’ਚ ਗੈਸ ਸਿਲੰਡਰ ਦਿੱਤਾ। ਪੀ. ਐੱਮ. ਆਵਾਸ ਯੋਜਨਾ, ਕਿਸਾਨ ਸਨਮਾਨ ਨਿਧੀ ਯੋਜਨਾ, ਸਵਾਮਿਤਵ ਯੋਜਨਾ, ਇੰਦਰਧਨੁਸ਼ ਯੋਜਨਾ ਵਰਗੀਆਂ ਯੋਜਨਾਵਾਂ ਚਲਾਈਆਂ ਤਾਂ ਕਿ ਸਮਾਜ ’ਚ ਹੇਠਲੇ ਪੱਧਰ ’ਤੇ ਬੈਠੇ ਲੋਕਾਂ ਦਾ ਭਲਾ ਹੋ ਸਕੇ। ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਚਲਾਈ। ਉੱਤਰਾਖੰਡ ’ਚ ਪਿਛਲੇ 5 ਸਾਲਾਂ ’ਚ ਕੇਂਦਰ ਨੇ 1.5 ਲੱਖ ਕਰੋੜ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਚਾਲੂ ਕੀਤੀਆਂ ਹਨ।

-ਵਿਧਾਨ ਸਭਾ ਚੋਣਾਂ ਜਿੱਤਣ ਨੂੰ ਲੈ ਕੇ ਭਾਜਪਾ ਦੇ ਮੁੱਦੇ ਕੀ ਹਨ? ਕੀ ਐਂਟੀ ਇਨਕੰਬੈਂਸੀ ਦਾ ਅਸਰ ਵੀ ਹੋਵੇਗਾ?

-ਕੇਂਦਰ ਤੇ ਸੂਬਾ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਚੋਣਾਂ ’ਚ ਮੁੱਖ ਮੁੱਦੇ ਹੋਣਗੇ। ਭਾਜਪਾ ਇਨ੍ਹਾਂ ਵਿਕਾਸ ਯੋਜਨਾਵਾਂ ਦੇ ਜ਼ੋਰ ’ਤੇ ਲੋਕਾਂ ਵਿਚਕਾਰ ਜਾ ਰਹੀ ਹੈ ਤੇ ਵੋਟ ਮੰਗ ਰਹੀ ਹੈ। ਲੋਕ ਨਿਸ਼ਚਿਤ ਤੌਰ ’ਤੇ ਭਾਜਪਾ ਨੂੰ ਹੀ ਆਪਣਾ ਆਸ਼ੀਰਵਾਦ ਦੇਵੇਗੀ। ਐਂਟੀ ਇਨਕੰਬੈਂਸੀ ਵਰਗੀ ਕੋਈ ਗੱਲ ਇਸ ਵਾਰ ਨਹੀਂ ਹੈ।

-ਤੁਸੀਂ ਨਾਅਰਾ ਦਿੱਤਾ ਹੈ ‘ਅਬਕੀ ਬਾਰ ਸਾਠ ਕੇ ਪਾਰ’। ਇਹ ਨਾਅਰਾ ਕਿੰਨਾ ਬੁਲੰਦ ਹੋ ਸਕੇਗਾ?

-ਇਸ ਵਾਰ ਸੱਠ ਦਾ ਅੰਕੜਾ ਵੀ ਪਾਰ ਕਰ ਜਾਵਾਂਗੇ। ਵਿਰੋਧੀ ਧਿਰ ਸਾਫ਼ ਹੋ ਜਾਵੇਗੀ।

- ਕੀ ਧਾਮੀ ਦਾ ਤਾਨਾਸ਼ਾਹੀ ਰਾਜ ਚੱਲੇਗਾ?

-ਨਹੀਂ ਕੋਈ ਤਾਨਾਸ਼ਾਹੀ ਰਾਜ ਨਹੀਂ ਚੱਲੇਗਾ। ਇਹ ਸਾਡੀ ਸਮੂਹਿਕ ਯਾਤਰਾ ਹੋਵੇਗੀ। ਸਮੂਹਿਕ ਵਿਕਾਸ ਯਾਤਰਾ। ਸਭ ਮਿਲ ਕੇ ਕੰਮ ਕਰਨਗੇ ਤੇ ਸੂਬੇ ਦਾ ਵਿਕਾਸ ਕਰਾਂਗੇ।

-ਗੈਰਸੈਂਣ ’ਤੇ ਭਾਜਪਾ ਵਲੋਂ ਸਟੈਂਡ ਸਪੱਸ਼ਟ ਕਰੋ?

-ਗੈਰਸੈਂਣ ਉੱਤਰਾਖੰਡ ਦੇ ਲੋਕਾਂ ਦੀਆਂ ਜਨ-ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਸੂਬੇ ਦੀ ਭਾਜਪਾ ਸਰਕਾਰ ਨੇ ਇਸ ਨੂੰ ਸਮਰ ਕੈਪੀਟਲ ਐਲਾਨ ਕੀਤਾ ਹੈ। ਸਰਕਾਰ ਸੱਤਾ ’ਚ ਦੁਬਾਰਾ ਵਾਪਸੀ ਤੋਂ ਬਾਅਦ ਭਾਜਪਾ ਗੈਰਸੈਂਣ ਲਈ ਬਹੁਤ ਕੁਝ ਕਰਨ ਵਾਲੀ ਹੈ।

- ਸੂਬਾ ਸਰਕਾਰ ਦੀਆਂ ਕੀ ਉਪਲਬਧੀਆਂ ਰਹੀਆਂ ਹਨ?

-ਜਿਸ ਸਕੂਲ ’ਚ ਅਧਿਆਪਕ ਨਹੀਂ ਹੁੰਦੇ ਸਨ ਉੱਥੇ ਅਧਿਆਪਕ ਪਹੁੰਚਾਏ, ਜਿੱਥੇ ਡਾਕਟਰ ਨਹੀਂ ਸਨ, ਉੱਥੇ ਡਾਕਟਰ ਪਹੁੰਚਾਏ। ਬਹੁਤ ਸਾਰੀਆਂ ਯੋਜਨਾਵਾਂ ਹਨ, ਜੋ ਅਜੇ ਚੱਲ ਰਹੀਆਂ ਹਨ। ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਲਈ ਸਬਸਿਡੀ ਦਿੱਤੀ ਹੈ। ਕੋਰੋਨਾ ਕਾਲ ’ਚ ਕਈ ਸਾਰੀਆਂ ਰਿਆਇਤਾਂ ਦਿੱਤੀਆਂ। ਟੂਰ ਆਪ੍ਰੇਟਰਾਂ ਤੇ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਆਰਥਿਕ ਮਦਦ ਦਿੱਤੀ। ਟਰਬੋ ਫਿਊਲ ’ਤੇ ਟੈਕਸ ਘੱਟ ਕੀਤਾ। ਇਨ੍ਹਾਂ ਸਾਰੀਆਂ ਕਵਾਇਦਾਂ ਤੋਂ ਸੈਰ-ਸਪਾਟੇ ਦੇ ਕਾਰੋਬਾਰ ਵਧੇ ਤੇ ਰੋਜ਼ਗਾਰ ਦਾ ਸਿਰਜਣ ਹੋਇਆ। ਇਸ ਤੋਂ ਇਲਾਵਾ ਭੋਜਨ ਪਕਾਉਣ ਵਾਲੀਆਂ ਮਾਤਾਵਾਂ, ਆਂਗਣਵਾੜੀ, ਆਸ਼ਾ ਵਰਕਰਾਂ ਦਾ ਮਿਹਨਤਾਨਾ ਵਧਾਇਆ। ਵਾਤਸਲਿਆ ਯੋਜਨਾ ਚਲਾਈ। ਕੇਂਦਰ ਤੇ ਸੂਬਾ ਸਰਕਾਰ ਨੇ ਮਹਾਮਾਰੀ ਦੇ ਸਮੇਂ ’ਚ ਗਰੀਬਾਂ ਤੇ ਮਜ਼ਦੂਰਾਂ ਨੂੰ ਮੁਫਤ ਰਾਸ਼ਨ ਦਿੱਤਾ। ਲੱਗਭਗ 80 ਲੱਖ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਵਿਕਲਾਂਗ, ਬੁਢਾਪਾ, ਵਿਧਵਾ ਤੇ ਦਿਵਿਆਂਗ ਪੈਨਸ਼ਨ ’ਚ ਰਾਸ਼ੀ ਵਧਾਈ। ਮੁੱਖ ਮੰਤਰੀ ਮਹਾਲਕਸ਼ਮੀ ਯੋਜਨਾ ਚਲਾਈ। ਇਸ ਤਹਿਤ ਪਹਿਲਾਂ ਪੈਦਾ ਹੋਣ ਵਾਲੀਆਂ 2 ਬੱਚੀਆਂ ਨੂੰ ਉਹ ਸਾਮਾਨ ਦੇ ਰਹੇ ਹਨ, ਜੋ ਮਾਂ-ਬੇਟੀ ਦੋਵਾਂ ਦੀ ਜ਼ਰੂਰਤ ਹੁੰਦੀ ਹੈ। 24 ਹਜ਼ਾਰ ਆਸਾਮੀਆਂ ’ਤੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਗੈਸਟ ਅਧਿਆਪਕਾਂ, ਵਿੱਦਿਅਕ ਮਿੱਤਰਾਂ ਦਾ ਮਿਹਨਤਾਨਾ ਵਧਾਇਆ ਹੈ। ਅਟਲ ਆਯੂਸ਼ਮਾਨ ਯੋਜਨਾ ਤਹਿਤ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦੀ ਸਿਹਤ ਸੁਰੱਖਿਆ ਦਿੱਤੀ।

- ਕਾਂਗਰਸ ਅਤੇ ‘ਆਪ’ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਹੋ?

-ਇਹ ਦੋਵੇਂ ਪਾਰਟੀਆਂ ਭਾਜਪਾ ਲਈ ਕੋਈ ਚੁਣੌਤੀ ਨਹੀਂ ਹਨ। ਕਾਂਗਰਸ ਤਾਂ ਸ਼ੁਰੂ ਤੋਂ ਹੀ ਆਪਸ ’ਚ ਲੜਦੀ ਆ ਰਹੀ ਹੈ। ਟਿਕਟ ਵੰਡ ਤੋਂ ਬਾਅਦ ਉਨ੍ਹਾਂ ਦੀ ਅੰਦਰੂਨੀ ਲੜਾਈ ਹੋਰ ਵੀ ਵਧ ਗਈ ਹੈ। ਕਾਂਗਰਸ ਆਪਣੀਆਂ ਅੰਦਰੂਨੀ ਚੁਣੌਤੀਆਂ ਨਾਲ ਨਿਪਟਣ ’ਚ ਲੱਗੀ ਹੋਈ ਹੈ। ਉਹ ਭਾਜਪਾ ਨੂੰ ਕੀ ਟੱਕਰ ਦੇਵੇਗੀ? ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਚੋਣਾਂ ਸਮੇਂ ਹੀ ਨਜ਼ਰ ਆਈ ਹੈ। ਉਸ ਤੋਂ ਬਾਅਦ ਸਿਆਸੀ ਭੂਮੀ ਤੋਂ ਖੁਦ ਗਾਇਬ ਹੋ ਜਾਵੇਗੀ।

ਕਾਂਗਰਸ ਦਾ ਇਤਿਹਾਸ ਰਿਹਾ ਹੈ ਕਾਲੇ ਕਾਰਨਾਮਿਆਂ ਦਾ। ਹਰੀਸ਼ ਰਾਵਤ ਦੇ ਕਾਰਜਕਾਲ ’ਚ ਜੋ ਘਪਲੇ ਹੋਏ, ਜੋ ਭ੍ਰਿਸ਼ਟਾਚਾਰ ਹੋਏ, ਉਨ੍ਹਾਂ ਦਾ ਸਟਿੰਗ ਆਪ੍ਰੇਸ਼ਨ ਹੋਇਆ, ਉਨ੍ਹਾਂ ਨੂੰ ਕੌਣ ਭੁੱਲ ਸਕਦਾ ਹੈ? : ਧਾਮੀ


Rakesh

Content Editor

Related News