ਉੱਤਰ ਪ੍ਰਦੇਸ਼ ''ਚ ਸ਼ੱਕੀ ਹਾਲਤਾਂ ''ਚ ਮਾਂ ਅਤੇ ਤਿੰਨ ਬੱਚੀਆਂ ਦੀਆਂ ਲਾਸ਼ਾਂ ਫਾਹੇ ਨਾਲ ਲਟਕੀਆਂ ਮਿਲੀਆਂ

10/01/2020 3:13:35 PM

ਓਰੈਯਾ- ਉੱਤਰ ਪ੍ਰਦੇਸ਼ 'ਚ ਓਰੈਯਾ ਦੇ ਦਿਬਿਆਪੁਰ ਖੇਤਰ 'ਚ ਵੀਰਵਾਰ ਨੂੰ ਤਿੰਨ ਬੱਚੀਆਂ ਅਤੇ ਮਾਂ ਦੀ ਲਾਸ਼ਾਂ ਸ਼ੱਕੀ ਸਥਿਤੀਆਂ 'ਚ ਘਰ ਦੇ ਕਮਰੇ 'ਚ ਇਕ ਸਾੜੀ ਦੀ ਸਹਾਰੇ ਫਾਹੇ ਨਾਲ ਲਟਕੀਆਂ ਮਿਲਣ ਨਾਲ ਹੜਕੰਪ ਮਚ ਗਿਆ। ਪੁਲਸ ਸੁਪਰਡੈਂਟ ਸੁਨੀਤੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੇਹੁਦ ਪਿੰਡ ਵਾਸੀ ਕੁਲਦੀਪ ਕੁਮਾਰ ਦੇ ਮਕਾਨ 'ਚ ਸਵੇਰੇ ਇਕ ਸਾੜੀ ਦੇ ਸਹਾਰੇ ਉਸ ਦੀ ਪਤਨੀ ਸਾਧਨਾ (32) ਅਤੇ ਤਿੰਨ ਧੀਆਂ ਅੰਜੁਮ (7), ਮੰਜੁਮ (3) ਅਤੇ ਇਕ ਮਹੀਨੇ ਦੀ ਮਾਸੂਮ ਨਵਜਾਤ ਦੀਆਂ ਲਾਸ਼ਾਂ ਫਾਹੇ ਨਾਲ ਲਟਕੀਆਂ ਮਿਲੀਆਂ ਹਨ। ਕੁਲਦੀਪ ਦਾ ਵਿਆਹ 8 ਸਾਲ ਪਹਿਲਾਂ ਸਾਧਨਾ ਨਾਲ ਹੋਇਆ ਸੀ, ਜਿਨ੍ਹਾਂ ਦੇ 3 ਧੀਆਂ ਹਨ। ਪਤੀ-ਪਤਨੀ ਦੇ ਘਰੇਲੂ ਕਲੇਸ਼ ਕਾਰਨ ਰੱਖ-ਰਖਾਅ ਨੂੰ ਲੈ ਕੇ ਮੁਕੱਦਮਾ ਵੀ ਚੱਲਿਆ ਹੈ ਪਰ ਆਪਸੀ ਸਮਝੌਤੇ ਤੋਂ ਬਾਅਦ ਇਹ ਦੋਵੇਂ ਇਕੱਠੇ ਰਹਿਣ ਲੱਗੇ ਸਨ।

ਉਨ੍ਹਾਂ ਨੇ ਦੱਸਿਆ ਕਿ ਸਵੇਰੇ ਕੁਲਦੀਪ ਮਜ਼ਦੂਰੀ ਕਰਨ ਲਈ ਦਿਬੀਆਪੁਰ ਗਿਆ ਹੋਇਆ ਸੀ। ਦੁਪਹਿਰ ਕਰੀਬ 12 ਵਜੇ ਉਹ ਘਰ ਆਇਆ ਤਾਂ ਦਰਵਾਜ਼ਾ ਬੰਦ ਮਿਲਿਆ, ਕਾਫ਼ੀ ਆਵਾਜ਼ ਦੇਣ 'ਤੇ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਹ ਗੁਆਂਢੀ ਦੀ ਛੱਤ ਤੋਂ ਆਪਣੇ ਘਰ ਗਿਆ। ਘਰ 'ਚ ਉਸ ਦੀ ਪਤਨੀ ਅਤੇ ਤਿੰਨ ਬੱਚੀਆਂ ਦੀਆਂ ਲਾਸ਼ਾਂ ਇਕੱਠੇ ਫਾਹੇ ਨਾਲ ਲਟਕੀਆਂ ਹੋਈਆਂ ਸਨ। ਮੰਨਿਆ ਜਾ ਰਿਹਾ ਹੈ ਕਿ ਜਨਾਨੀ ਨੇ ਧੀਆਂ ਸਮੇਤ ਕਰੀਬ 10 ਵਜੇ ਫਾਹੇ ਨਾਲ ਲਟਕ ਕੇ ਖ਼ੁਦਕੁਸ਼ੀ ਕੀਤੀ ਹੋਵੇਗੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਫੋਰੈਂਸਿਕ ਟੀਮ ਸਮੇਤ ਐਕਸਪਰਟ ਨੂੰ ਬੁਲਾਇਆ ਗਿਆ ਹੈ। ਜਿਨ੍ਹਾਂ ਵਲੋਂ ਨਮੂਨੇ ਜੁਟਾਏ ਜਾ ਰਹੇ ਹਨ। 

ਪਹਿਲੀ ਨਜ਼ਰ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦਾ ਅਸਲ ਕਾਰਨ ਸਾਹਮਣੇ ਆ ਸਕੇਗਾ। ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੁਲਦੀਪ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ, ਸਵੇਰੇ ਉਹ ਮਜ਼ਦੂਰੀ ਲਈ ਦਿਬੀਆਪੁਰ ਗਿਆ ਸੀ। ਕੁਲਦੀਪ ਦਾ ਆਪਣੀ ਪਤਨੀ ਨਾਲ ਮੁਕੱਦਮਾ ਚੱਲ ਰਿਹਾ ਸੀ। ਪਤਨੀ ਇਕ ਸਾਲ ਪਹਿਲਾਂ ਹੀ ਪਤੀ ਨਾਲ ਰਹਿਣ ਆਈ ਸੀ। ਘਟਨਾ ਦੀ ਸੂਚਨਾ 'ਤੇ ਪੁਲਸ ਸੁਪਰਡੈਂਟ ਕਮਲੇਸ਼ ਦੀਕਸ਼ਤ ਅਤੇ ਹੋਰ ਪੁਲਸ ਅਧਿਕਾਰੀ ਵੀ ਸੇਹੁਦ ਪਹੁੰਚੇ ਅਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਦੇ ਨਾਲ ਪਿੰਡ ਵਾਸੀਆਂ ਤੋਂ ਜਾਣਕਾਰੀ ਜੁਟਾਈ।


DIsha

Content Editor

Related News