ਵਿਆਹ ਦੇ 40 ਸਾਲ ਬਾਅਦ 54 ਸਾਲ ਦੀ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

Thursday, Apr 16, 2020 - 12:00 PM (IST)

ਵਿਆਹ ਦੇ 40 ਸਾਲ ਬਾਅਦ 54 ਸਾਲ ਦੀ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

ਲਖਨਊ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਇਕ 54 ਸਾਲਾ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਵਿਆਹ ਦੇ 40 ਸਾਲ ਬਾਅਦ 54 ਸਾਲ ਦੀ ਸ਼ਾਮਾ ਦੇਵੀ ਅਤੇ 65 ਸਾਲ ਦੇ ਰਾਮ ਦਰਸ਼ਨ 2 ਜੁੜਵਾ ਬੱਚਿਆਂ ਦੇ ਮਾਂ-ਬਾਪ ਬਣੇ ਹਨ। ਉਮਰ ਦੇ ਇਸ ਪੜਾਅ 'ਤੇ ਸ਼ਾਮਾ ਦੇਵੀ ਨੇ ਲਖਨਊ ਦੇ ਇਕ ਹਸਪਤਾਲ 'ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚੇ ਦੋਵੇਂ ਸਿਹਤਮੰਦ ਹਨ।
ਰਾਜਧਾਨੀ ਲਖਨਊ ਦੇ ਕਵੀਨ ਮੈਰੀ ਹਸਪਤਾਲ 'ਚ ਸਿਜੇਰੀਅਨ ਹੋਇਆ ਅਤੇ 40 ਸਾਲ ਬਾਅਦ ਸ਼ਾਮਾ ਦੇਵੀ ਅਤੇ ਰਾਮ ਦਰਸ਼ਨ ਦੇ ਘਰ ਖੁਸ਼ੀਆਂ ਆਈਆਂ। ਸ਼ਾਮਾ ਦੇਵੀ ਨੇ ਇਕ ਬੇਟੀ ਅਤੇ ਇਕ ਬੇਟੇ ਨੂੰ ਜਨਮ ਦਿੱਤਾ ਹੈ।

14 ਸਾਲ ਦੀ ਉਮਰ 'ਚ ਹੋਇਆ ਸੀ ਵਿਆਹ
ਜੁੜਵਾ ਬੱਚਿਆਂ ਦੀ ਮਾਂ ਸ਼ਾਮਾ ਦੇਵੀ ਕਹਿੰਦੀ ਹੈ,''ਮੇਰਾ ਵਿਆਹ 14 ਸਾਲ ਦੀ ਉਮਰ 'ਚ ਹੋ ਗਿਆ ਸੀ। ਉਸ ਸਮੇਂ ਮੇਰੇ ਪਤੀ ਦੀ ਉਮਰ 22 ਸਾਲ ਸੀ। ਵਿਆਹ ਤੋਂ ਬਾਅਦ ਸਾਲਾਂ ਤੱਕ ਅਸੀਂ ਬੱਚਾ ਹੋਣ ਦਾ ਇੰਤਜ਼ਾਰ ਕਰਦੇ ਰਹੇ ਪਰ ਉੱਪਰ ਵਾਲੇ ਨੂੰ ਅਜਿਹਾ ਮਨਜ਼ੂਰ ਨਹੀਂ ਸੀ। ਮੇਰੇ ਪਤੀ ਕਿਸਾਨ ਹਨ। ਸਾਡੇ ਕੋਲ ਇੰਨਾ ਪੈਸਾ ਨਹੀਂ ਸੀ ਕਿ ਅਸੀਂ ਸ਼ਹਿਰ ਜਾ ਕੇ ਆਪਣਾ ਇਲਾਜ ਕਰਵਾ ਸਕੀਏ। ਅਸੀਂ ਕਈ ਤਰਾਂ ਦੇ ਘਰੇਲੂ ਨੁਸਖੇ ਅਪਣਾਏ ਪਰ ਉਸ ਦਾ ਕੋਈ ਫਾਇਦਾ ਨਹੀਂ ਮਿਲਿਆ ਪਰ ਹੁਣ ਮਾਂ ਬਣਨ ਤੋਂ ਬਾਅਦ ਕਾਫ਼ੀ ਖੁਸ਼ ਹਾਂ।''

ਕੀ ਕਹਿੰਦੇ ਹਨ ਡਾਕਟਰ
ਮਹਿਲਾ ਰੋਗ ਮਾਹਰ ਡਾਕਟਰ ਅਮਿਤਾ ਅਗਰਵਾਲ ਇਸ ਸੰਬੰਧ 'ਚ ਕਹਿੰਦੀ ਹੈ,''ਔਰਤਾਂ 'ਚ ਆਮ ਤੌਰ 'ਤੇ ਉਮਰ ਵਧਣ ਦੇ ਨਾਲ ਹਾਰਮੋਨਜ਼ ਬੇਹੱਦ ਘੱਟ ਹੋ ਜਾਂਦੇ ਹਨ ਅਤੇ ਇਸ ਲਈ ਉਨਾਂ ਨੂੰ ਮਾਹਵਾਰੀ ਆਉਣੀ ਬੰਦ ਹੋ ਜਾਂਦੀ ਹੈ। ਮਾਹਵਾਰੀ ਦਾ ਆਉਣਾ ਜਿਵੇਂ ਹੀ ਬੰਦ ਹੁੰਦਾ ਹੈ, ਮਹਿਲਾ ਦੇ ਸਰੀਰ 'ਚ ਆਂਡੇ ਬਣਨੇ ਵੀ ਖਤਮ ਹੋ ਜਾਂਦੇ ਹਨ। ਅਜਿਹਾ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਮਾਹਵਾਰੀ ਖਤਮ ਹੋਣ ਤੋਂ ਬਾਅਦ ਵੀ ਆਂਡੇ ਬਣ ਜਾਣ। ਇਸ ਪੂਰੇ ਕੇਸ 'ਚ ਅਜਿਹਾ ਹੀ ਕੁਝ ਹੋਇਆ ਹੈ। ਲੱਖਾਂ 'ਚੋਂ ਇਕ ਜਾਂ 2 ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਦੋਂ ਮਾਹਵਾਰੀ ਖਤਮ ਹੋਣ ਤੋਂ ਬਾਅਦ ਵੀ ਔਰਤ ਦੇ ਸਰੀਰ 'ਚ ਆਂਡੇ ਬਣਦੇ ਰਹਿਣ। ਸ਼ਾਹਜਹਾਂਪੁਰ ਦੇ ਇਸ ਜੋੜੇ ਦੇ ਕੇਸ 'ਚ ਵੀ ਅਜਿਹਾ ਹੀ ਹੋਇਆ ਹੈ।''

ਵਿਆਹ ਦੇ 40 ਸਾਲ ਬਾਅਦ ਖੁਸ਼ੀ ਮਿਲਣ ਨਾਲ ਖੁਸ਼ ਹੈ ਜੋੜਾ
ਵਿਆਹ ਦੇ ਕਰੀਬ 40 ਸਾਲ ਬਾਅਦ ਇਸ ਤਰਾਂ ਦੀ ਖੁਸ਼ੀ ਮਿਲਣ ਨਾਲ ਇਕ ਪਾਸੇ ਜੋੜਾ ਖੁਸ਼ ਹੈ। ਉੱਥੇ ਹੀ, ਦੂਜੇ ਪਾਸੇ ਇਹ ਗੱਲ ਵੀ ਮੈਡੀਕਲ ਵਿਭਾਗ ਦੇ ਲੋਕ ਮੰਨ ਰਹੇ ਹਨ ਕਿ ਇਸ ਤਰਾਂ ਦਾ ਕਰਿਸ਼ਮਾ ਬੇਹੱਦ ਘੱਟ ਹੀ ਦੇਖਿਆ ਜਾਂਦਾ ਹੈ। ਫਿਲਹਾਲ ਸਿਜੇਰੀਜਨ ਤੋਂ ਬਾਅਦ ਮਹਿਲਾ ਪੂਰੀ ਤਰਾਂ ਨਾਲ ਸਿਹਤਮੰਦ ਹੈ ਅਤੇ ਉਸ ਦੇ ਦੋਵੇਂ ਬੱਚੇ ਵੀ ਸਿਹਤਮੰਦ ਹਨ।


author

DIsha

Content Editor

Related News