ਸਹੁਰੇ ਪਰਿਵਾਰ ਤੋਂ ਤੰਗ ਜਨਾਨੀ ਨੇ ਵਿਧਾਨ ਸਭਾ ਦੇ ਸਾਹਮਣੇ ਖ਼ੁਦ ਨੂੰ ਲਗਾਈ ਅੱਗ, ਹਾਲਤ ਗੰਭੀਰ
Tuesday, Oct 13, 2020 - 03:40 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਜਨਾਨੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਦੇ ਸਾਹਮਣੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਨਾਨੀ 60-70 ਫੀਸਦੀ ਤੱਕ ਸੜ ਚੁਕੀ ਹੈ। ਪੁਲਸ ਦਾ ਕਹਿਣਾ ਹੈ ਕਿ ਜਨਾਨੀ ਮਹਾਰਾਜਗੰਜ ਜ਼ਿਲ੍ਹੇ ਰਹਿਣ ਵਾਲੀ ਹੈ। ਆਤਮਦਾਹ ਕਰਨ ਵਾਲੀ ਜਨਾਨੀ ਦਾ ਪਹਿਲਾ ਵਿਆਹ ਨਾਕਾਮ ਰਿਹਾ ਅਤੇ ਤਲਾਕ ਹੋ ਗਿਆ। ਜਨਾਨੀ ਦਾ ਕਹਿਣਾ ਹੈ ਕਿ ਉਸ ਨੇ ਉਸ ਤੋਂ ਬਾਅਦ ਆਸ਼ਿਫ਼ ਅਲੀ ਨਾਂ ਦੇ ਮੁੰਡੇ ਨਾਲ ਵਿਆਹ ਕਰਵਾਇਆ। ਮੁੰਡਾ ਰੁਜ਼ਗਾਰ ਦੇ ਸਿਲਸਿਲੇ 'ਚ ਸਾਊਦੀ ਅਰਬ ਚੱਲਾ ਗਿਆ ਹੈ। ਜਨਾਨੀ ਦੀ ਸ਼ਿਕਾਇਤ ਹੈ ਕਿ ਸਹੁਰੇ ਪਰਿਵਾਰ ਵਾਲੇ ਉਸ ਨੂੰ ਆਪਣੇ ਘਰ ਨਹੀਂ ਰਹਿਣ ਦਿੰਦੇ।
ਪੁਲਸ ਅਨੁਸਾਰ, ਜਨਾਨੀ ਸੋਮਵਾਰ ਨੂੰ ਮਹਾਰਾਜਗੰਜ 'ਚ ਆਪਣੇ ਇਲਾਕੇ ਦੇ ਥਾਣੇ ਗਈ ਸੀ। ਉਸ ਨੇ ਪੁਲਸ ਨੂੰ ਵੀ ਕਿਹਾ ਕਿ ਉਹ ਉਸ ਨੂੰ ਉਸ ਦੇ ਸਹੁਰੇ ਘਰ ਪਹੁੰਚਾ ਦੇਣ, ਕਿਉਂਕਿ ਉਹ ਉਸ ਨੂੰ ਨਾਲ ਰੱਖਣ ਲਈ ਤਿਆਰ ਨਹੀਂ ਹਨ। ਇਸ 'ਤੇ ਪੁਲਸ ਨੇ ਜਨਾਨੀ ਨੂੰ ਕਿਹਾ ਕਿ ਇਹ ਘਰੇਲੂ ਮਾਮਲਾ ਹੈ। ਉਹ ਇਸ ਨੂੰ ਲੈ ਕੇ ਅਦਾਲਤ ਜਾ ਸਕਦੀ ਹੈ ਪਰ ਜਨਾਨੀ ਨੇ ਪੁਲਸ ਨੂੰ ਕਿਹਾ ਕਿ ਉਸ ਦਾ ਪਤੀ ਰੁਜ਼ਗਾਰ ਲਈ ਵਿਦੇਸ਼ 'ਚ ਹੈ ਅਤੇ ਉਹ ਇਕੱਲੀ ਹੈ, ਲਿਹਾਜਾ ਉਹ ਉਸ ਦੀ ਮਦਦ ਕਰਨ। ਇਸ 'ਤੇ ਪੁਲਸ ਨੇ ਉਸ ਨੂੰ ਨਿਕਾਹਨਾਮਾ ਲੈ ਕੇ ਆਉਣ ਲਈ ਕਿਹਾ ਪਰ ਜਨਾਨੀ ਉਨ੍ਹਾਂ ਕੋਲ ਵਾਪਸ ਨਹੀਂ ਆਈ। ਅੱਜ ਯਾਨੀ ਮੰਗਲਵਾਰ ਨੂੰ ਜਦੋਂ ਜਨਾਨੀ ਵਿਧਾਨ ਸਭਾ ਦੇ ਸਾਹਮਣੇ ਆਤਮਦਾਹ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਸ ਦੇ ਲੋਕਾਂ ਨੇ ਉਸ ਨੂੰ ਬਚਾਇਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਦੇ ਬਰਨ ਯੂਨਿਟ 'ਚ ਇਲਾਜ ਲਈ ਲਿਆਂਦਾ ਗਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਜਨਾਨੀ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।