ਉੱਤਰ ਪ੍ਰਦੇਸ਼ : ਵੱਡੀ ਲਾਪਰਵਾਹੀ, ਨਸਬੰਦੀ ਤੋਂ ਬਾਅਦ ਔਰਤਾਂ ਨੂੰ ਜ਼ਮੀਨ ''ਤੇ ਲਿਟਾਇਆ
Thursday, Nov 28, 2019 - 10:54 AM (IST)

ਬਾਂਦਾ— ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਸਪਤਾਲ 'ਚ ਨਸਬੰਦੀ ਕੈਂਪ ਲਗਾਇਆ ਗਿਆ ਅਤੇ ਬਾਅਦ 'ਚ ਜਿਨ੍ਹਾਂ ਔਰਤਾਂ ਦੀ ਸਰਜਰੀ ਕੀਤੀ ਗਈ, ਉਨ੍ਹਾਂ ਨੂੰ ਜ਼ਮੀਨ 'ਤੇ ਲਿਟਾ ਦਿੱਤਾ ਗਿਆ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੀ.ਐੱਮ.ਓ. ਨੇ ਕਾਰਵਾਈ ਦੀ ਗੱਲ ਕਹੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਇਹ ਯਕੀਨੀ ਕੀਤਾ ਜਾਵੇਗਾ ਕਿ ਅਜਿਹੀ ਘਟਨਾ ਮੁੜ ਨਾ ਹੋਵੇ।
ਔਰਤਾਂ ਨੂੰ ਸਰਜਰੀ ਤੋਂ ਬਾਅਦ ਜ਼ਮੀਨ 'ਤੇ ਲਿਟਾਇਆ
ਬਾਂਦਾ ਦੇ ਹਸਪਤਾਲ 'ਚ ਨਸਬੰਦੀ ਦੀ ਸਰਜਰੀ ਤੋਂ ਬਾਅਦ ਕੁਝ ਔਰਤਾਂ ਨੂੰ ਜ਼ਮੀਨ 'ਤੇ ਲਿਟਾ ਦਿੱਤਾ ਗਿਆ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਦਿੱਸ ਰਿਹਾ ਹੈ ਕਿ ਘੱਟੋ-ਘੱਟ 5 ਔਰਤਾਂ ਜ਼ਮੀਨ 'ਤੇ ਲੇਟੀਆਂ ਹਨ। ਜਦੋਂ ਇਸ ਘਟਨਾ ਬਾਰੇ ਚੀਫ ਮੈਡੀਕਲ ਅਫ਼ਸਰ ਸੰਤੋਸ਼ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,''ਇਹ ਸਾਡੇ ਨੋਟਿਸ 'ਚ ਲਿਆਂਦਾ ਗਿਆ ਹੈ ਕਿ ਮੰਗਲਵਾਰ ਨੂੰ ਇੱਥੇ ਇਕ ਨਸਬੰਦੀ ਕੈਂਪ ਲਗਾਇਆ ਗਿਆ ਸੀ, ਜਿਸ 'ਚ 16 ਕੇਸ ਰਜਿਸਟਰ ਕੀਤੇ ਗਏ। ਕੁਝ ਔਰਤਾਂ ਨੂੰ ਸਰਜਰੀ ਤੋਂ ਬਾਅਦ ਜ਼ਮੀਨ 'ਤੇ ਲਿਟਾ ਦਿੱਤਾ ਗਿਆ।''
ਬੈੱਡ ਖਾਲੀ ਨਹੀਂ ਸਨ
ਸੀ.ਐੱਮ.ਓ. ਨੇ ਕਿਹਾ ਕਿ ਹਸਪਤਾਲ 'ਚ 30 ਬੈੱਡ ਹਨ। ਉਨ੍ਹਾਂ ਨੇ ਅੱਗੇ ਕਿਹਾ,''ਹਾਲਾਂਕਿ ਹਸਪਤਾਲ 'ਚ ਕੋਈ ਬੈੱਡ ਖਾਲੀ ਨਹੀਂ ਸੀ। ਹਸਪਤਾਲ ਦੇ ਕੁਝ ਕਰਮਚਾਰੀਆਂ ਨੇ ਜ਼ਮੀਨ 'ਤੇ ਲਿਟਾਇਆ ਗਿਆ।'' ਕੁਮਾਰ ਨੇ ਕਿਹਾ ਕਿ ਉਹ ਅੱਗੇ ਤੋਂ ਇਹ ਯਕੀਨੀ ਕਰਨਗੇ ਕਿ ਅਜਿਹੀ ਕੋਈ ਲਾਪਰਵਾਹੀ ਨਾ ਹੋਵੇ ਅਤੇ ਜੋ ਲੋਕ ਇਸ ਦੇ ਪਿੱਛੇ ਜ਼ਿੰਮੇਵਾਰ ਪਾਏ ਜਾਣਗੇ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।