ਸ਼ਰਮਸਾਰ: 3 ਹਸਪਤਾਲਾਂ ਨੇ ਗਰਭਵਤੀ ਜਨਾਨੀ ਨੂੰ ਦਾਖ਼ਲ ਕਰਨ ਤੋਂ ਕੀਤਾ ਇਨਕਾਰ, ਜੁੜਵਾ ਬੱਚਿਆਂ ਦੀ ਹੋਈ ਮੌਤ

09/28/2020 5:04:15 PM

ਕੋਝੀਕੋਡ- ਉੱਤਰ ਕੇਰਲ ਦੇ ਕਈ ਹਸਪਤਾਲਾਂ ਨੇ ਦਰਦਾਂ ਨਾਲ ਤੜਫ਼ ਰਹੀ ਗਰਭਵਤੀ ਜਨਾਨੀ ਨੂੰ ਕੋਵਿਡ-19 ਪ੍ਰੋਟੋਕਾਲ ਦਾ ਹਵਾਲਾ ਦਿੰਦੇ ਸਮੇਂ 'ਤੇ ਮੈਡੀਕਲ ਮਦਦ ਉਪਲੱਬਧ ਨਹੀਂ ਕਰਵਾਈ, ਜਿਸ ਨਾਲ ਜਨਾਨੀ ਦੇ ਜੁੜਵਾ ਨਵਜਾਤ ਬੱਚਿਆਂ ਦੀ ਮੌਤ ਹੋ ਗਈ। ਸੂਬਾ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੋਮਵਾਰ ਨੂੰ ਇਸ ਦੀ ਉੱਚ ਪੱਧਰੀ ਜਾਂਚ ਦਾ ਆਦੇਸ਼ ਦਿੱਤਾ। ਮਲਪੁਰਮ ਜ਼ਿਲ੍ਹੇ ਦੇ ਕੋਂਡੋਟੀ ਦੀ ਰਹਿਣ ਵਾਲੀ 20 ਸਾਲਾ ਇਕ ਜਨਾਨੀ ਨੂੰ ਸ਼ਨੀਵਾਰ ਤੜਕੇ ਦਰਦਾਂ ਸ਼ੁਰੂ ਹੋਣ ਤੋਂ ਬਾਅਦ ਤਿੰਨ ਹਸਪਤਾਲਾਂ 'ਚ ਲਿਜਾਇਆ ਗਿਆ। ਇਨ੍ਹਾਂ ਹਸਪਤਾਲਾਂ ਨੇ ਕੋਵਿਡ-19 ਪ੍ਰੋਟੋਕਾਲ ਦਾ ਹਵਾਲਾ ਦਿੰਦੇ ਹੋਏ ਕਥਿਤ ਤੌਰ 'ਤੇ ਸਮੇਂ 'ਤੇ ਇਲਾਜ ਉਪਲੱਬਧ ਨਹੀਂ ਕਰਵਾਇਆ।

ਅੰਤ 'ਚ ਉਸ ਨੂੰ ਸ਼ਨੀਵਾਰ ਸ਼ਾਮ ਗੰਭੀਰ ਹਾਲਤ 'ਚ ਇੱਥੋਂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ 'ਚ ਇਲਾਜ ਦੌਰਾਨ ਐਤਵਾਰ ਨੂੰ ਉਸ ਦੇ ਜੁੜਵਾ ਬੱਚਿਆਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਜਨਾਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਦਾ ਇਲਾਜ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੀ ਆਈ.ਸੀ.ਯੂ. 'ਚ ਕੀਤਾ ਜਾ ਰਿਹਾ ਹੈ। ਸੂਬੇ ਦੇ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਘਟਨਾ ਨੂੰ ਬਹੁਤ ਦਰਦਨਾਕ ਦੱਸਦੇ ਹੋਏ ਪ੍ਰਮੁੱਖ ਸਕੱਤਰ (ਸਿਹਤ) ਨੂੰ ਜਾਂਚ ਕਰਨ ਅਤੇ ਉਸ ਦੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਸਰਕਾਰ ਨੇ ਉਨ੍ਹਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਵੀ ਦਿੱਤਾ, ਜਿਨ੍ਹਾਂ ਨੇ ਗਰਭਵਤੀ ਜਨਾਨੀ ਨੂੰ ਸਮੇਂ 'ਤੇ ਇਲਾਜ ਨਹੀਂ ਦਿੱਤਾ।


DIsha

Content Editor

Related News