ਸਲੀਪਰ ਬੱਸ ਨੂੰ ਲੱਗ ਗਈ ਅੱਗ, 130 ਯਾਤਰੀ ਸਨ ਸਵਾਰ
Wednesday, Dec 31, 2025 - 04:42 PM (IST)
ਕੰਨੌਜ- ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ 'ਚ ਤਿਰਵਾ ਕੋਤਵਾਲੀ ਖੇਤਰ ਦੇ ਅਧੀਨ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਮੰਗਲਵਾਰ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ, ਜਿੱਥੇ ਇਕ ਚਲਦੀ ਸਲੀਪਰ ਬੱਸ ਅਚਾਨਕ ਅੱਗ ਦੀ ਲਪੇਟ 'ਚ ਆ ਗਈ। ਰਾਤ ਦੇ ਕਰੀਬ 11 ਵਜੇ ਹੋਏ ਇਸ ਹਾਦਸੇ ਕਾਰਨ ਯਾਤਰੀਆਂ 'ਚ ਭਾਜੜ ਪੈ ਗਈ। ਰਾਹਤ ਦੀ ਗੱਲ ਇਹ ਰਹੀ ਕਿ ਬੱਸ 'ਚ ਸਵਾਰ ਸਾਰੇ 130 ਯਾਤਰੀ ਸੁਰੱਖਿਅਤ ਹਨ, ਹਾਲਾਂਕਿ ਕੁਝ ਯਾਤਰੀਆਂ ਨੂੰ ਬੱਸ 'ਚੋਂ ਬਾਹਰ ਛਾਲ ਮਾਰਨ ਕਾਰਨ ਹਲਕੀਆਂ ਸੱਟਾਂ ਲੱਗੀਆਂ ਹਨ।
ਧੂੰਆਂ ਭਰਦੇ ਹੀ ਮਚੀ ਚੀਕ-ਚਿਹਾੜਾ
ਇਹ ਬੱਸ ਹਰਿਆਣਾ ਦੇ ਪਾਨੀਪਤ ਤੋਂ ਬਿਹਾਰ ਜਾ ਰਹੀ ਸੀ। ਬੱਸ 'ਚ ਅਚਾਨਕ ਧੂੰਆਂ ਭਰਨ ਕਾਰਨ ਯਾਤਰੀਆਂ ਦੀ ਨੀਂਦ ਖੁੱਲ੍ਹ ਗਈ ਅਤੇ ਚੀਕ-ਚਿਹਾੜਾ ਮਚ ਗਿਆ। ਅੱਗੇ ਬੈਠੇ ਯਾਤਰੀ ਤਾਂ ਦਰਵਾਜ਼ੇ ਰਾਹੀਂ ਤੁਰੰਤ ਬਾਹਰ ਨਿਕਲ ਗਏ, ਪਰ ਭੀੜ ਜ਼ਿਆਦਾ ਹੋਣ ਕਾਰਨ ਪਿੱਛੇ ਬੈਠੇ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਬੱਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬਾਹਰ ਛਾਲਾਂ ਮਾਰ ਦਿੱਤੀਆਂ।
ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ
ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਡਕਟਰ ਮੌਕੇ 'ਤੇ ਰੁਕਣ ਦੀ ਬਜਾਏ ਫਰਾਰ ਹੋ ਗਏ। ਤਿਰਵਾ ਕੋਤਵਾਲੀ ਦੇ ਇੰਚਾਰਜ ਸੰਜੇ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਜਦੋਂ ਬਚਾਅ ਟੀਮ ਮੌਕੇ 'ਤੇ ਪਹੁੰਚੀ ਤਾਂ ਬੱਸ ਬੁਰੀ ਤਰ੍ਹਾਂ ਸੜ ਰਹੀ ਸੀ, ਜਿਸ ਕਾਰਨ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਬੱਸ ਕਿਸ ਟਰੈਵਲ ਏਜੰਸੀ ਦੀ ਸੀ।
ਸ਼ਾਰਟ ਸਰਕਟ ਹੋ ਸਕਦਾ ਹੈ ਅੱਗ ਦਾ ਕਾਰਨ
ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਕਰੀਬ 2 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਪੁਲਸ ਅਨੁਸਾਰ ਸ਼ੁਰੂਆਤੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੁਲਸ ਕਪਤਾਨ ਵਿਨੋਦ ਕੁਮਾਰ ਨੇ ਦੱਸਿਆ ਕਿ ਬੱਸ 'ਚ ਸਮਰੱਥਾ ਤੋਂ ਵੱਧ ਸਵਾਰੀਆਂ (130 ਯਾਤਰੀ) ਹੋਣ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸੜੀ ਹੋਈ ਬੱਸ ਨੂੰ ਹਟਾ ਕੇ ਰਸਤਾ ਸਾਫ਼ ਕਰ ਦਿੱਤਾ ਗਿਆ ਹੈ ਅਤੇ ਯਾਤਰੀਆਂ ਨੂੰ ਦੂਜੀ ਬੱਸ ਰਾਹੀਂ ਰਵਾਨਾ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
