ਪੂਰੀ ਦੁਨੀਆ ਨੂੰ ਲੱਗਾ ਇਜ਼ਰਾਈਲ-ਈਰਾਨ ਜੰਗ ਦਾ ਸੇਕ ! ਦਿੱਲੀ ਏਅਰਪੋਰਟ 'ਤੇ ਫਸੇ ਯਾਤਰੀ, ਸੈਂਕੜੇ ਉਡਾਣਾਂ ਰੱਦ
Sunday, Mar 01, 2026 - 12:21 PM (IST)
ਨਵੀਂ ਦਿੱਲੀ- ਮੱਧ ਪੂਰਬ 'ਚ ਵਧ ਰਹੇ ਭੂ-ਰਾਜਨੀਤਿਕ ਤਣਾਅ ਅਤੇ ਅਸਥਿਰਤਾ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਉਡਾਣਾਂ ਦੇ ਸੰਚਾਲਨ 'ਚ ਵੱਡਾ ਵਿਘਨ ਪਿਆ ਹੈ। ਇਜ਼ਰਾਈਲ ਅਤੇ ਅਮਰੀਕਾ ਵੱਲੋਂ ਈਰਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਫੌਜੀ ਹਮਲਿਆਂ ਤੋਂ ਬਾਅਦ ਪੈਦਾ ਹੋਈ ਸਥਿਤੀ ਕਾਰਨ ਮੱਧ ਪੂਰਬ ਦੇ ਕਈ ਹਿੱਸਿਆਂ 'ਚ ਹਵਾਈ ਖੇਤਰ (airspace) ਬੰਦ ਕਰ ਦਿੱਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਅੰਤਰਰਾਸ਼ਟਰੀ ਉਡਾਣਾਂ ਦੇ ਰੂਟਾਂ 'ਤੇ ਪੈ ਰਿਹਾ ਹੈ।
ਨਵੀਂ ਐਡਵਾਇਜ਼ਰੀ ਜਾਰੀ
ਇਸ ਵਿਚਾਲੇ ਦਿੱਲੀ ਏਅਰਪੋਰਟ ਪ੍ਰਸ਼ਾਸਨ ਨੇ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਦੱਸਿਆ ਹੈ ਕਿ ਪੱਛਮੀ ਦੇਸ਼ਾਂ ਵੱਲ ਜਾਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ 'ਚ ਦੇਰੀ ਹੋ ਸਕਦੀ ਹੈ ਜਾਂ ਉਨ੍ਹਾਂ ਦੇ ਸਮੇਂ 'ਚ ਤਬਦੀਲੀ ਕੀਤੀ ਜਾ ਸਕਦੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਆਪਣੀ-ਆਪਣੀ ਏਅਰਲਾਈਨ ਨਾਲ ਸੰਪਰਕ ਕਰ ਕੇ ਉਡਾਣ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਜ਼ਰੂਰ ਲੈਣ। ਰੀਅਲ-ਟਾਈਮ ਅਪਡੇਟ ਲਈ ਅਧਿਕਾਰਤ ਵੈੱਬਸਾਈਟ 'ਤੇ ਵੀ ਭਰੋਸਾ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਣ ਅਤੇ ਸਿਰਫ਼ ਅਧਿਕਾਰਤ ਸੂਚਨਾ ਚੈਨਾਂ ਤੋਂ ਮਿਲੀ ਜਾਣਕਾਰੀ 'ਤੇ ਭਰੋਸਾ ਕਰਨ।
ਭਾਰੀ ਗਿਣਤੀ 'ਚ ਉਡਾਣਾਂ ਰੱਦ
ਨਾਗਰਿਕ ਉਡਾਣ ਮੰਤਰਾਲੇ (MoCA) ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ 28 ਫਰਵਰੀ ਨੂੰ 410 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਮੰਤਰਾਲੇ ਨੇ ਦੱਸਿਆ ਕਿ ਅੱਜ, 1 ਮਾਰਚ ਨੂੰ ਵੀ ਲਗਭਗ 444 ਉਡਾਣਾਂ ਰੱਦ ਰਹਿਣ ਦੀ ਸੰਭਾਵਨਾ ਹੈ। ਮੁਸਾਫਰਾਂ ਦੀ ਵਧੀ ਖੱਜਲ-ਖੁਆਰੀ ਹਵਾਈ ਅੱਡੇ 'ਤੇ ਮੌਜੂਦ ਮੁਸਾਫਰਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਕ ਯਾਤਰੀ, ਜਿਸ ਨੇ ਸਾਊਦੀ ਅਰਬ ਲਈ ਉਡਾਣ ਭਰਨੀ ਸੀ, ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਉਹ ਪਿਛਲੇ 14 ਘੰਟਿਆਂ ਤੋਂ ਹਵਾਈ ਅੱਡੇ 'ਤੇ ਇੰਤਜ਼ਾਰ ਕਰ ਰਿਹਾ ਹੈ ਪਰ ਅਜੇ ਤੱਕ ਉਸ ਨੂੰ ਆਪਣੀ ਉਡਾਣ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਮੁਸਾਫਰਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਅਪਡੇਟ ਦੇ ਇੰਨੀ ਲੰਬੀ ਉਡੀਕ ਕਰਨਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਰਿਹਾ ਹੈ।
ਸੁਰੱਖਿਆ ਲਈ DGCA ਮੁਸਤੈਦ
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਹੈ ਕਿ ਉਹ ਸਾਰੀਆਂ ਸਬੰਧਤ ਏਅਰਲਾਈਨਾਂ ਨਾਲ ਨਿਰੰਤਰ ਤਾਲਮੇਲ ਬਣਾ ਕੇ ਰੱਖ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਕ ਪੋਸਟ ਰਾਹੀਂ ਨਾਗਰਿਕ ਉਡਾਣ ਮੰਤਰਾਲੇ ਨੇ ਭਰੋਸਾ ਦਿੱਤਾ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਸੰਚਾਲਨ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

