1 ਘੰਟੇ 'ਚ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਹਥਿਆਰਾਂ ਦੀ ਡਿਲੀਵਰੀ ਕਰੇਗਾ ਅਮਰੀਕਾ, ਬਣਾ ਰਿਹੈ ਇਹ ਸਿਸਟਮ

Tuesday, Oct 13, 2020 - 04:01 AM (IST)

ਵਾਸ਼ਿੰਗਟਨ - ਚੀਨ ਨਾਲ ਵੱਧਦੇ ਖਤਰੇ ਨਾਲ ਨਜਿੱਠਣ ਲਈ ਅਮਰੀਕਾ ਨੇ ਆਪਣੀ ਫੌਜੀ ਤਾਕਤ ਨੂੰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲ ਹੀ ਵਿਚ ਯੂ. ਐੱਸ. ਨੇਵੀ ਲਈ ਬੈਟਲ ਫੋਰਸ 2045 ਦਾ ਐਲਾਨ ਕਰਨ ਤੋਂ ਬਾਅਦ ਹੁਣ ਅਮਰੀਕਾ ਨੇ ਟ੍ਰਾਂਸਪੋਰਟੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਉਣ ਦਾ ਫੈਸਲਾ ਕੀਤਾ ਹੈ। ਅਮਰੀਕੀ ਫੌਜ ਅਮਰੀਕੀ ਪ੍ਰਾਈਵੇਟ ਪੁਲਾੜ ਏਜੰਸੀ ਸਪੇਸ-ਐਕਸ ਦੇ ਨਾਲ ਮਿਲ ਕੇ ਇਕ ਅਜਿਹੇ ਰਾਕੇਟ ਦਾ ਨਿਰਮਾਣ ਕਰਨ ਜਾ ਰਹੀ ਹੈ ਜੋ ਦੁਨੀਆ ਭਰ ਵਿਚ ਕਿਤੇ ਵੀ ਹਥਿਆਰਾਂ ਨੂੰ ਸਿਰਫ 60 ਮਿੰਟ ਵਿਚ ਪਹੁੰਚਾ ਸਕਦਾ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਕੁਝ ਦਿਨ ਪਹਿਲਾਂ ਹੀ ਐਲਨ ਮਸਕ ਦੇ ਸਪੇਸ-ਐਕਸ ਦੇ ਨਾਲ ਮਿਜ਼ਾਈਲ ਟ੍ਰੈਕਿੰਗ ਸੈਟੇਲਾਈਟ ਬਣਾਉਣ ਲਈ 149 ਮਿਲੀਅਨ ਡਾਲਰ ਦਾ ਸੌਦਾ ਕੀਤਾ ਸੀ।

ਯੂ. ਐੱਸ. ਟ੍ਰਾਂਸਪੋਰਟ ਕਮਾਂਡ ਦੇ ਜਨਰਲ ਨੇ ਕੀਤੀ ਪੁਸ਼ਟੀ
ਬੁੱਧਵਾਰ ਨੂੰ ਇਕ ਵਰਚੁਅਲ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਯੂ. ਐੱਸ. ਟ੍ਰਾਂਸਪੋਰਟ ਕਮਾਂਡ ਦੇ ਪ੍ਰਮੁੱਖ ਜਨਰਲ ਸਟੀਫਨ ਲਿਓਂਸ ਨੇ ਇਕ ਸੌਦੇ ਨੂੰ ਜਨਤਕ ਕੀਤਾ। ਜਨਰਲ ਲਿਓਨ ਨੇ ਆਖਿਆ ਕਿ ਸਪੇਸ-ਐਕਸ ਹੁਣ ਇਕ ਅਹਿਮ ਪ੍ਰਾਜੈਕਟ ਦੀਆਂ ਤਕਨੀਕੀ ਚੁਣੌਤੀਆਂ ਅਤੇ ਲਾਗਤਾ ਦਾ ਆਕਲਨ ਕਰੇਗਾ। ਜਨਰਲ ਲਿਓਂਸ ਨੇ ਆਖਿਆ ਕਿ ਇਸ ਤਕਨੀਕ ਦਾ ਸ਼ੁਰੂਆਤੀ ਪ੍ਰੀਖਣ 2021 ਵਿਚ ਆਯੋਜਿਤ ਕੀਤਾ ਜਾ ਸਕਦਾ ਹੈ।

74,000 ਕਿ. ਗ੍ਰ. ਤੋਂ ਜ਼ਿਆਦਾ ਭਾਰ ਚੁੱਕ ਸਕਦੈ ਸੀ-17
ਉਨ੍ਹਾਂ ਦੱਸਿਆ ਕਿ ਮਿਲਟਰੀ ਦਾ ਹੈਵੀ ਟ੍ਰਾਂਸਪੋਰਟ ਏਅਰਕ੍ਰਾਫਟ ਸੀ-17 ਗਲੋਬਮਾਸਟਰ ਇਕ ਵਾਰ ਵਿਚ ਜਿੰਨਾ ਭਾਰ ਚੁੱਕ ਸਕਦਾ ਹੈ ਉਨਾਂ ਹੀ ਭਾਰ ਇਕ ਘੰਟੇ ਦੇ ਅੰਦਰ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਪਹੁੰਚਾ ਸਕਦਾ ਹੈ। ਅਮਰੀਕੀ ਹਵਾਈ ਫੌਜ ਦੀ ਅਧਿਕਾਰਕ ਵੈੱਬਸਾਈਟ ਮੁਤਾਬਕ, ਸੀ-17 ਗਲੋਬਮਾਸਟਰ 74,000 ਕਿਲੋਗ੍ਰਾਮ ਤੋਂ ਜ਼ਿਆਦਾ ਦਾ ਪੇਲੋਡ ਲਿਜਾ ਸਕਦਾ ਹੈ।

ਸਭ ਤੋਂ ਜ਼ਿਆਦਾ ਭਰੋਸੇਮੰਦ ਏਅਰਕ੍ਰਾਫਟ ਹੈ ਸੀ-17 ਗਲੋਬਮਾਸਟਰ
ਦੱਸ ਦਈਏ ਕਿ ਸੀ-17 ਗਲੋਬਮਾਸਟਰ ਅਮਰੀਕੀ ਹਵਾਈ ਫੌਜ ਦਾ ਸਭ ਤੋਂ ਮਜ਼ਬੂਤ ਅਤੇ ਭਰੋਸੇਮੰਦ ਟ੍ਰਾਂਸਪੋਰਟ ਏਅਰਕ੍ਰਾਫਟ ਹੈ। ਭਾਰਤ ਕੋਲ ਵੀ ਇਹ ਏਅਰਕ੍ਰਾਫਟ ਘਟੋਂ-ਘੱਟ 10 ਦੀ ਗਿਣਤੀ ਵਿਚ ਮੌਜੂਦ ਹਨ। ਇਸ ਦੀ ਕੀਮਤ 218 ਮਿਲੀਅਨ ਡਾਲਰ ਪ੍ਰਤੀ ਜਹਾਜ਼ ਹੈ, ਜੋ 949 ਕਿਲੋਮੀਟਰ ਪ੍ਰਤੀ ਘੰਟੇ ਦੀ ਜ਼ਿਆਦਾ ਤੋਂ ਜ਼ਿਆਦਾ ਰਫਤਾਰ ਨਾਲ ਉਡਾਣ ਭਰ ਸਕਦਾ ਹੈ।

12070 ਕਿ. ਮੀ. ਪ੍ਰਤੀ ਘੰਟੇ ਹੋਵੇਗੀ ਰਾਕੇਟ ਦੀ ਸਪੀਡ
ਸੀ-17 ਗਲੋਬਮਾਸਟਰ ਦੀ ਤੁਲਨਾ ਵਿਚ ਸਪੇਸ-ਐਕਸ ਇਕ ਹਾਈ ਸਪੀਡ ਰਾਕੇਟ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ, ਜੋ 12070 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰਨ ਵਿਚ ਸਮਰੱਥ ਹੋਵੇਗਾ। ਇਸ ਦਾ ਮਤਲਬ ਹੈ ਕਿ ਇਹ ਰਾਕੇਟ ਇਕ ਵਾਰ ਵਿਚ ਸੀ-17 ਗਲੋਬਮਾਸਟਰ ਦੇ ਬਰਾਬਰ ਦਾ ਕਾਰਗੋ ਅਮਰੀਕਾ ਵਿਚ ਫਲੋਰੀਡਾ ਤੋਂ ਅਫਗਾਨਿਸਤਾਨ ਤੱਕ ਦੀ ਯਾਤਰਾ ਨੂੰ 1 ਘੰਟੇ ਵਿਚ ਪੂਰਾ ਕਰਨ ਵਿਚ ਸਮਰੱਥ ਹੋਵੇਗਾ।

ਇਹ ਕੰਪਨੀ ਵੀ ਸਪੇਸ ਐਕਸ ਦਾ ਦੇਵੇਗੀ ਸਾਥ
ਇਕ ਦੂਜੀ ਕੰਪਨੀ ਐਕਸ-ਪਲੋਰੇਸ਼ਨ ਆਰਕੀਟੈੱਕਚਰ ਕਾਰਪੋਰੇਸ਼ਨ (ਐਕਸ. ਏ. ਆਰ. ਸੀ.) ਵੀ ਅਮਰੀਕੀ ਫੌਜ ਲਈ ਇਕ ਜ਼ਿਆਦਾ ਰਫਤਾਰ ਵਾਲਾ ਰਾਕੇਟ ਬਣਾਉਣ ਐਲਨ ਮਸਕ ਦੇ ਸਪੇਸ-ਐਕਸ ਦੇ ਨਾਲ ਇਸ ਪ੍ਰਾਜੈਕਟ 'ਤੇ ਕੰਮ ਕਰੇਗੀ। ਸਤੰਬਰ ਵਿਚ ਸਪੇਸ-ਐਕਸ ਨੇ ਅਮਰੀਕੀ ਪੁਲਾੜ ਬਲ ਦੇ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ ਜਿਸ ਨਾਲ ਉਹ ਰਾਸ਼ਟਰੀ ਸੁਰੱਖਿਆ ਪੇਲੋਡ ਲਿਜਾਣ ਲਈ ਰਾਕੇਟ ਦਾ ਇਸਤੇਮਾਲ ਕਰ ਸਕੇਗੀ।


Khushdeep Jassi

Content Editor

Related News