'ਹਿੰਦ-ਪ੍ਰਸ਼ਾਂਤ ਖੇਤਰ 'ਚ ਆਰਥਿਕ ਰੂਪ ਨਾਲ ਮਹੱਤਵਪੂਰਨ ਪ੍ਰੋਜੈਕਟਾਂ 'ਤੇ ਕੰਮ ਕਰਨਾ ਚਾਹੁੰਦੈ ਅਮਰੀਕਾ'

Friday, Apr 20, 2018 - 09:59 AM (IST)

ਵਾਸ਼ਿੰਗਟਨ(ਭਾਸ਼ਾ)— ਟਰੰਪ ਪ੍ਰਸ਼ਾਸਨ ਦੀ ਇਕ ਸੀਨੀਅਰ ਡਿਪਲੋਮੈਟ ਦਾ ਕਹਿਣਾ ਹੈ ਕਿ ਅਮਰੀਕਾ, ਭਾਰਤ ਅਤੇ ਜਾਪਾਨ ਹਿੰਦ-ਪ੍ਰਸ਼ਾਂਤ ਖੇਤਰ ਵਿਚ ਉਚ ਪੱਧਰ ਦੇ ਪ੍ਰੋਜੈਕਟਾਂ 'ਤੇ ਕੰਮ ਕਰਨਾ ਚਾਹੁੰਦੇ ਹਨ ਜੋ ਆਰਥਿਕ ਰੂਪ ਨਾਲ ਮਹੱਤਵਪੂਰਨ ਹੋਣ। ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਪ੍ਰਧਾਨ ਉਪ ਸਹਾਇਕ ਮੰਤਰੀ ਐਲਿਸ ਵੇਲਸ ਦਾ ਕਹਿਣਾ ਹੈ ਇਹ ਚੀਨ ਦੇ ਦੂਜਿਆਂ ਨੂੰ ਡਰਾ ਕੇ ਲਾਭ ਕਮਾਉਣ ਵਾਲੇ ਵਿਵਹਾਰ ਤੋਂ ਵੱਖ ਹੈ। ਚੀਨ ਦਾ ਇਹ ਵਿਵਹਾਰ ਖੇਤਰ ਦੇ ਦੇਸ਼ਾਂ ਲਈ ਬੋਝ ਬਣ ਰਿਹਾ ਹੈ। ਐਲਿਸ ਨੇ ਕਿਹਾ, 'ਅਸੀਂ ਸਾਂਝੇਦਾਰ ਦੇਸ਼ਾਂ ਨਾਲ ਮਿਲ ਕੇ ਉਚ ਪੱਧਰ ਦੇ ਅਜਿਹੇ ਪ੍ਰੋਜੈਕਟਾਂ 'ਤੇ ਕੰਮ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨਾਲ ਅਰਥਿਕ ਲਾਭ ਹੋਵੇ, ਜਿਨ੍ਹਾਂ ਨਾਲ ਦੇਸ਼ਾਂ ਨੂੰ ਸੱਚੀ ਵਿਚ ਫਾਇਦਾ ਪਹੁੰਚੇ, ਜੋ ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕਰ ਸਕੇ ਤਾਂ ਕਿ ਦੇਸ਼ ਅੱਗੇ ਵਧੇ, ਨਾ ਕਿ ਉਨ੍ਹਾਂ ਨੂੰ ਕਰਜ਼ ਦੇ ਬੋਝ ਹੇਠਾਂ ਦਬਾ ਦੇਵੇ।'
ਫੁੱਲ ਟਾਈਮ ਅਸਿਸਟੈਂਟ ਵਿਦੇਸ਼ ਮੰਤਰੀ ਦੀ ਗੈਰਹਾਜ਼ਰੀ ਵਿਚ ਐਲਿਸ 26 ਜੂਨ, 2017 ਤੋਂ ਹੀ ਵਿਦੇਸ਼ ਮੰਤਰਾਲੇ ਵਿਚ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਦਾ ਕੰਮਕਾਜ ਸੰਭਾਲ ਰਹੀ ਹੈ। ਹਾਲ ਹੀ ਵਿਚ ਐਲਿਸ ਨਵੀਂ ਦਿੱਲੀ ਗਈ ਸੀ, ਜਿੱਥੇ ਉਨ੍ਹਾਂ ਨੇ ਅਮਰੀਕਾ-ਭਾਰਤ-ਜਾਪਾਨ ਦੀ ਤਿੰਨ-ਪੱਖੀ ਗੱਲਬਾਤ ਵਿਚ ਭਾਗ ਲਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਦੋ-ਪੱਖੀ ਰੂਪ ਨਾਲ ਬਹੁਤ ਸਹੀ ਕੰਮ ਕਰ ਰਹੇ ਹਨ ਅਤੇ ਜਾਪਾਨ ਅਤੇ ਆਸਟ੍ਰੇਲੀਆ ਵਰਗੇ ਬਰਾਬਰ ਸੋਚ ਰੱਖਣ ਵਾਲੇ ਸਾਂਝੇਦਾਰਾਂ ਨਾਲ ਮਿਲ ਕੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੰਗਾ ਕਰ ਸਕਦੇ ਹਾਂ। ਐਲਿਸ ਨੇ ਕਿਹਾ, 'ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਸਾਡਾ ਮਹੱਤਵਪੂਰਨ ਸੁਰੱਖਿਆ ਸਾਂਝੇਦਾਰ ਅਤੇ ਬਹੁਤ ਵੱਡਾ ਰੱਖਿਆ ਸਾਂਝੇਦਾਰ ਹੈ। ਭਾਰਤ ਲਈ ਇਹ ਅਨੋਖਾ ਦਰਜਾ ਹੈ।'


Related News