''ਭਾਰਤ-ਅਮਰੀਕਾ ਕਰੀਬੀ ਦੋਸਤ, ਮੈਂ ਗੱਲਬਾਤ ਕਰਨ ਲਈ ਉਤਸੁਕ ਹਾਂ'', ਟਰੰਪ ਦੇ ਬਿਆਨ ''ਤੇ PM ਮੋਦੀ ਦਾ ਜਵਾਬ
Wednesday, Sep 10, 2025 - 08:20 AM (IST)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਦੇ ਸਕਾਰਾਤਮਕ ਮੁਲਾਂਕਣ ਦਾ ਗਰਮਜੋਸ਼ੀ ਨਾਲ ਜਵਾਬ ਦਿੰਦੇ ਹੋਏ ਵਿਸ਼ਵਾਸ ਪ੍ਰਗਟ ਕੀਤਾ ਕਿ ਚੱਲ ਰਹੀ ਗੱਲਬਾਤ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਦੀ ਅਥਾਹ ਸੰਭਾਵਨਾ ਨੂੰ ਖੋਲ੍ਹਣ ਦਾ ਰਾਹ ਪੱਧਰਾ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਇਸ ਸਬੰਧ ਵਿਚ ਇਕ ਪੋਸਟ ਸਾਂਝੀ ਕੀਤੀ ਹੈ।
ਉਹਨਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਕਰੀਬੀ ਦੋਸਤ ਅਤੇ ਕੁਦਰਤੀ ਭਾਈਵਾਲ ਹਨ। ਦੋਵੇਂ ਦੇਸ਼ ਵਪਾਰਕ ਗੱਲਬਾਤ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, "ਮੈਂ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਨ ਲਈ ਵੀ ਉਤਸੁਕ ਹਾਂ। ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਇੱਕ ਉੱਜਵਲ ਅਤੇ ਖੁਸ਼ਹਾਲ ਭਵਿੱਖ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ।"
ਦੱਸ ਦੇਈਏ ਕਿ PM ਮੋਦੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਆਇਆ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ "ਕੋਈ ਮੁਸ਼ਕਲ" ਨਹੀਂ ਆਵੇਗੀ ਅਤੇ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਆਪਣੇ "ਬਹੁਤ ਚੰਗੇ ਦੋਸਤ" ਮੋਦੀ ਨਾਲ ਗੱਲ ਕਰਨ ਲਈ ਉਤਸੁਕ ਹਨ।