ਆਸਾਮ ਦੇ 19 ਲੱਖ ਲੋਕ ਜਲਦੀ ਹੀ ਕਿਸੇ ਵੀ ਦੇਸ਼ ਦੇ ਨਾਗਰਿਕ ਨਹੀਂ ਰਹਿਣਗੇ : ਰਿਪੋਰਟ
Thursday, Nov 21, 2019 - 01:21 AM (IST)
ਵਾਸ਼ਿੰਗਟਨ – ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦ ਕਮਿਸ਼ਨ (ਯੂ. ਐੱਸ. ਸੀ. ਆਈ. ਆਰ. ਐੱਫ.) ਨੇ ਕੌਮੀ ਨਾਗਰਿਕ ਰਜਿਸਟ੍ਰੇਸ਼ਨ (ਐੱਨ. ਆਰ. ਸੀ.) ਪ੍ਰਕਿਰਿਆ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਆਸਾਮ ਵਿਚ ਲੰਮੇ ਸਮੇਂ ਤੋਂ ਰਹਿ ਰਹੇ 19 ਲੱਖ ਲੋਕ ਕਿਸੇ ਵੀ ਦੇਸ਼ ਦੇ ਨਾਗਰਿਕ ਨਹੀਂ ਰਹਿਣਗੇ। ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦੀ ਨਾਗਰਿਕਤਾ ਨਿਰਪੱਖ, ਪਾਰਦਰਸ਼ੀ ਅਤੇ ਸੁਸ਼ਾਸਿਤ ਪ੍ਰਕਿਰਿਆ ਅਧੀਨ ਖਤਮ ਕੀਤੀ ਜਾ ਰਹੀ ਹੈ।
ਐੱਨ. ਆਰ. ਸੀ. ਦੀ ਧਾਰਮਿਕ ਆਜ਼ਾਦੀ ਦੇ ਹਿੱਤਾਂ ’ਤੇ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੋ ਸੂਚੀ ਜਾਰੀ ਹੋਈ ਹੈ, ਉਸ ਵਿਚ 19 ਲੱਖ ਲੋਕਾਂ ਦੇ ਨਾਂ ਨਹੀਂ ਹਨ। ਇਸ ਰਿਪੋਰਟ ਵਿਚ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਗਈ ਹੈ ਕਿ ਇਕ ਢੰਗ ਨਾਲ ਪੂਰੀ ਪ੍ਰਕਿਰਿਆ ਦੀ ਵਰਤੋਂ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ। ਜਲਦੀ ਹੀ 19 ਲੱਖ ਲੋਕ, ਜਿਨ੍ਹਾਂ ਵਿਚ ਵਧੇਰੇ ਮੁਸਲਮਾਨ ਹੀ ਹਨ, ਕਿਸੇ ਵੀ ਦੇਸ਼ ਦੇ ਨਾਗਰਿਕ ਨਹੀਂ ਮੰਨੇ ਜਾਣਗੇ।