ਪ੍ਰਸ਼ਾਂਤ ਟਾਪੂ ਸਮੂਹ ਦੇ ਦੇਸ਼ਾਂ ਨੂੰ ਮੋਦੀ ਦੇਣਗੇ 15 ਕਰੋੜ ਡਾਲਰ ਦੀ ਕਰਜ਼ ਮਦਦ

09/25/2019 4:16:49 PM

ਵਾਸ਼ਿੰਗਟਨ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸ਼ਾਂਤ ਟਾਪੂ ਸਮੂਹ ਦੇ ਦੇਸ਼ਾਂ ਨੂੰ ਸੌਰ, ਨਵਿਆਉਣਯੋਗ ਊਰਜਾ ਅਤੇ ਜਲਵਾਯੂ ਸੰਬੰਧੀ ਪ੍ਰਾਜੈਕਟਾਂ ਲਈ ਲੋੜ ਦੇ ਆਧਾਰ 'ਤੇ 15 ਕਰੋੜ ਡਾਲਰ ਦੀ ਕਰਜ਼ ਮਦਦ ਦੇਣ ਦਾ ਐਲਾਨ ਕੀਤਾ ਹੈ। 74ਵੇਂ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ.) ਸੈਸ਼ਨ ਤੋਂ ਵੱਖ ਆਯੋਜਿਤ ਪ੍ਰਸ਼ਾਂਤ ਟਾਪੂ ਸਮੂਹ ਦੇ ਵਿਕਾਸਸ਼ੀਲ ਦੇਸ਼ਾਂ (PSIDS) ਦੇ ਨੇਤਾਵਾਂ ਨਾਲ ਬੈਠਕ ਵਿਚ ਮੋਦੀ ਨੇ ਪੀ.ਐੱਸ.ਆਈ.ਡੀ.ਐੱਸ. ਮੈਂਬਰ ਦੇਸ਼ਾਂ ਵਿਚ ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਕੁੱਲ 1 ਕਰੋੜ 20 ਲੱਖ ਡਾਲਰ ਵੰਡੇ ਜਾਣ ਦਾ ਐਲਾਨ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਪੀ.ਐੱਮ. ਮੋਦੀ ਨੇ ਪੀ.ਐੱਸ.ਆਈ.ਡੀ.ਐੱਸ. ਦੇ ਨੇਤਾਵਾਂ ਨਾਲ ਬਹੁਪੱਖੀ ਮੁਲਾਕਾਤ ਕੀਤੀ ਹੈ।

ਇਸ ਬੈਠਕ ਵਿਚ ਫਿਜੀ, ਕਿਰੀਬਾਤੀ ਗਣਰਾਜ, ਮਾਰਸ਼ਲ ਆਈਲੈਂਡ, ਫੇਡਰੇਟੇਡ ਸਟੇਟਸ ਆਫ ਮਾਈਕ੍ਰੋਨੇਸ਼ੀਆ, ਨੋਰੂ ਗਣਰਾਜ, ਪਲਾਊ ਗਣਰਾਜ, ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਆਈਲੈਂਡ, ਟੋਂਗਾ, ਤੁਵਾਲੁ ਅਤੇ ਵਾਨੁਆਤੁ ਦੇ ਵਫਦਾਂ ਦੇ ਪ੍ਰਮੁੱਖਾਂ ਨੇ ਹਿੱਸਾ ਲਿਆ। ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ 'ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ' ਦੇ ਮੂਲ ਮੰਤਰ ਦੇ ਤਹਿਤ ਮੋਦੀ ਨੇ ਪੀ.ਐੱਸ.ਆਈ.ਡੀ.ਐੱਸ. ਦੇਸ਼ਾਂ ਵਿਚ ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਇਕ ਕਰੋੜ 20 ਲੱਖ ਡਾਲਰ (ਪੀ.ਐੱਸ.ਆਈ.ਡੀ.ਐੱਸ. ਦੇ ਹਰੇਕ ਦੇਸ਼ ਲਈ 10 ਲੱਖ ਡਾਲਰ) ਵੰਡੇ ਜਾਣ ਦਾ ਐਲਾਨ ਕੀਤਾ।'' 

ਇਸ ਵਿਚ ਦੱਸਿਆ ਗਿਆ ਕਿ ਇਸ ਦੇ ਇਲਾਵਾ 15 ਕਰੋੜ ਡਾਲਰ ਦੀ ਕਰਜ਼ ਮਦਦ ਦਾ ਐਲਾਨ ਕੀਤਾ ਗਿਆ ਜੋ ਪੀ.ਐੱਸ.ਆਈ.ਡੀ.ਐੱਸ. ਆਪਣੇ-ਆਪਣੇ ਦੇਸ਼ ਦੇ ਮੁਤਾਬਕ ਸੌਰ, ਨਵਿਆਉਣਯੋਗ ਊਰਜਾ ਅਤੇ ਜਲਵਾਯੂ ਸੰਬੰਧੀ ਪ੍ਰਾਜੈਕਟਾਂ ਲਈ ਲੈ ਸਕਦੇ ਹਨ। ਮੋਦੀ ਨੇ ਕਿਹਾ ਭਾਰਤ ਅਤੇ ਪੀ.ਐੱਸ.ਆਈ.ਡੀ.ਐੱਸ. ਦੇ ਸਾਂਝੇ ਮੁੱਲ ਅਤੇ ਸਾਂਝੇ ਭਵਿੱਖ ਹਨ। ਉਨ੍ਹਾਂ ਨੇ ਹੋਰ ਦੇਸ਼ਾਂ ਨੂੰ ਵੀ ਇਸ ਪਹਿਲ ਨਾਲ ਜੁੜਨ ਲਈ ਸੱਦਾ ਦਿੱਤਾ। ਮੋਦੀ ਨੇ ਆਫਤ ਰੋਕਥਾਮ ਬੁਨਿਆਦੀ ਗਠਜੋੜ (ਸੀ.ਡੀ.ਆਰ.ਆਈ.) ਵਿਚ ਸ਼ਾਮਲ ਹੋਣ ਲਈ ਪੀ.ਐੱਸ.ਆਈ.ਡੀ.ਐੱਸ. ਦੇ ਨੇਤਾਵਾਂ ਨੂੰ ਸੱਦਾ ਦਿੱਤਾ। 

ਮੰਤਰਾਲੇ ਨੇ ਦੱਸਿਆ ਕਿ ਮੋਦੀ ਨੇ ਲੋਕਾਂ ਵਿਚ ਆਪਸੀ ਸੰਪਰਕ ਵਧਾਉਣ ਲਈ 'ਵਿਸ਼ੇਸ਼ ਸੈਲਾਨੀ ਪ੍ਰੋਗਰਾਮ' ਦਾ ਐਲਾਨ ਕੀਤਾ ਜਿਸ ਦੇ ਤਹਿਤ ਇਨ੍ਹਾਂ ਦੇਸ਼ਾਂ ਦੇ ਵਿਸ਼ੇਸ਼ ਲੋਕ ਭਾਰਤ ਦੀ ਯਾਤਰਾ ਕਰ ਸਕਦੇ ਹਨ। ਬਿਆਨ ਵਿਚ ਦੱਸਿਆ ਗਿਆ,''ਉੱਚ ਪੱਧਰ 'ਤੇ ਸੰਪਰਕ ਵਧਾਉਣ ਲਈ ਮੋਦੀ ਨੇ 2020 ਵਿਚ ਪੋਰਟ ਮੋਰੇਸਬੀ ਵਿਚ ਆਯੋਜਿਤ ਹੋਣ ਵਾਲੇ ਤੀਜੇ ਐੱਫ.ਆਈ.ਪੀ.ਆਈ.ਸੀ. ਸੰਮੇਲਨ ਲਈ ਸਾਰੇ ਨੇਤਾਵਾਂ ਨੂੰ ਸੱਦਾ ਦਿੱਤਾ।''


Vandana

Content Editor

Related News