ਅਮਰੀਕਾ : ਪਿਛਲੇ ਸਾਲ ਤਕਰੀਬਨ 10,000 ਭਾਰਤੀਆਂ ਨੂੰ ਲਿਆ ਗਿਆ ਹਿਰਾਸਤ ''ਚ

12/11/2019 3:24:25 PM

ਵਾਸ਼ਿੰਗਟਨ— ਅਮਰੀਕੀ ਸਰਕਾਰ ਵਲੋਂ ਜਾਰੀ ਇਕ ਰਿਪੋਰਟ ਮੁਤਾਬਕ ਦੇਸ਼ ਦੀਆਂ ਵੱਖ-ਵੱਖ ਕਾਨੂੰਨ ਪਰਿਵਰਤਨ ਏਜੰਸੀਆਂ ਨੇ ਸਾਲ 2018 'ਚ ਰਾਸ਼ਟਰੀ ਸੁਰੱਖਿਆ ਲਈ ਖਤਰੇ ਦੇ ਰੂਪ 'ਚ ਦੇਖੇ ਜਾਣ ਵਾਲੇ ਤਕਰੀਬਨ 10 ਹਜ਼ਾਰ ਭਾਰਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ 2018 'ਚ ਹਿਰਾਸਤ 'ਚ ਲਿਆ ਸੀ। ਮੰਗਲਵਾਰ ਨੂੰ ਜਾਰੀ ਇਸ ਸਰਕਾਰੀ ਰਿਪੋਰਟ ਮੁਤਾਬਕ ਇਨ੍ਹਾਂ 10 ਹਜ਼ਾਰ ਲੋਕਾਂ 'ਚੋਂ 831 ਨੂੰ ਅਮਰੀਕਾ 'ਚੋਂ ਬਾਹਰ ਕੱਢਿਆ ਗਿਆ ਹੈ।

'ਇਮੀਗ੍ਰੇਸ਼ਨ ਪਰਿਵਰਤਨ, ਗ੍ਰਿਫਤਾਰੀਆਂ, ਹਿਰਾਸਤ, ਬਾਹਰ ਭੇਜਣਾ ਤੇ ਕਈ ਹੋਰ ਮੁੱਦਿਆਂ' ਵਾਲੀਆਂ ਰਿਪੋਰਟਾਂ ਨੂੰ ਸਰਕਾਰੀ ਜਵਾਬਦੇਹੀ ਦਫਤਰ ਨੇ ਤਿਆਰ ਕੀਤਾ ਹੈ। ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ (ਆਈ. ਸੀ. ਈ.) ਵਲੋਂ ਹਿਰਾਸਤ 'ਚ ਲਏ ਜਾਣ ਵਾਲੇ ਭਾਰਤੀਆਂ ਦੀ ਗਿਣਤੀ 2015 ਤੋਂ 2018 ਵਿਚਕਾਰ ਦੋਗੁਣੀ ਹੋ ਗਈ ਹੈ। ਆਈ. ਸੀ. ਈ. ਨੇ 2015 'ਚ 3,532 ਭਾਰਤੀਆਂ ਨੂੰ ਹਿਰਾਸਤ 'ਚ ਲਿਆ ਸੀ। 2016 'ਚ 3,913, ਸਾਲ 2017 'ਚ 5,322 ਅਤੇ 2018 'ਚ 9,811 ਭਾਰਤੀਆਂ ਨੂੰ ਹਿਰਾਸਤ 'ਚ ਲਿਆ। ਰਿਪੋਰਟ ਮੁਤਾਬਕ ਆਈ. ਸੀ. ਈ. ਨੇ 2018 'ਚ 831 ਭਾਰਤੀਆਂ ਨੂੰ ਦੇਸ਼ 'ਚੋਂ ਬਾਹਰ ਭੇਜਿਆ। 2015 'ਚ 296, 2016 'ਚ 387 ਅਤੇ 2017 'ਚ 474 ਭਾਰਤੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਗਿਆ ਸੀ।