ਕੁਸ਼ਵਾਹਾ ਨੇ ਛੱਡਿਆ ਜਦ (ਯੂ) ਦਾ ਸਾਥ, ਬਣਾਈ ਨਵੀਂ ਪਾਰਟੀ
Tuesday, Feb 21, 2023 - 01:05 PM (IST)

ਪਟਨਾ (ਭਾਸ਼ਾ)– ਜਨਤਾ ਦਲ (ਯੂਨਾਈਟਿਡ) ਨਾਲ ਪਿਛਲੇ ਕੁਝ ਦਿਨਾਂ ਤੋਂ ਨਾਰਾਜ਼ ਚੱਲ ਰਹੇ ਉਪੇਂਦਰ ਕੁਸ਼ਵਾਹਾ ਨੇ ਸੋਮਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫੇ ਦਾ ਐਲਾਨ ਕੀਤਾ ਅਤੇ ਨਵੀਂ ਪਾਰਟੀ ਰਾਸ਼ਟਰੀ ਲੋਕ ਜਨਤਾ ਦਲ ਦਾ ਗਠਨ ਕੀਤਾ। ਉਨ੍ਹਾਂ ਪੱਤਰਕਾਰ ਸੰਮੇਲਨ ’ਚ ਐਲਾਨ ਕਰਦਿਆਂ ਕਿਹਾ ਕਿ ਉਹ ਸੂਬਾ ਵਿਧਾਨ ਪ੍ਰੀਸ਼ਦ ਦੀ ਮੈਂਬਰੀ ਤੋਂ ਅਸਤੀਫਾ ਦੇਣ ਲਈ ਸਭਾਪਤੀ ਨੂੰ ਮਿਲਣ ਦਾ ਸਮਾਂ ਲੈਣਗੇ। ਹਾਲਾਂਕਿ ਕੁਸ਼ਵਾਹਾ ਨੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਨਾਲ ਮੁੜ ਹੱਥ ਮਿਲਾਉਣ ਦੇ ਮੁੱਦੇ ’ਤੇ ਪੱਤੇ ਨਹੀਂ ਖੋਲ੍ਹੇ।
ਇਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਮੈਂ ਆਪਣੇ ਵੱਡੇ ਭਰਾ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਕੁਝ ਸਬਕ ਲਏ ਹਨ, ਜਿਨ੍ਹਾਂ ਨੇ ਰਾਜਦ ਨਾਲ ਮਤਭੇਦਾਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕੁਝ ਹੀ ਘੰਟਿਆਂ ਬਾਅਦ ਨਵੀਂ ਸਰਕਾਰ (ਭਾਜਪਾ ਨਾਲ ਮਿਲ ਕੇ) ਬਣਾ ਲਈ ਸੀ।
ਉਨ੍ਹਾਂ ਨਿਤੀਸ਼ ਕੁਮਾਰ ’ਤੇ ਆਪਣੀ ਸਿਆਸੀ ਪੂੰਜੀ ਗਿਰਵੀ ਰੱਖਣ ਦਾ ਦੋਸ਼ ਲਾਇਆ ਅਤੇ ਉਪ-ਮੁੱਖ ਮੰਤਰੀ ਤੇ ਰਾਜਦ ਨੇਤਾ ਤੇਜਸਵੀ ਯਾਦਵ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ਭਵਿੱਖ ਦਾ ਨੇਤਾ ਐਲਾਨੇ ਜਾਣ ’ਤੇ ਵੀ ਨਾਖੁਸ਼ੀ ਪ੍ਰਗਟ ਕੀਤੀ।