ਬਰਾਤ ’ਚ 15 ਮਿੰਟ ਤੱਕ ਹੋਈ ਫਾਇਰਿੰਗ, ਦੋ ਲੋਕਾਂ ਦੀ ਮੌਤ ਨਾਲ ਵਿਆਹ ਸਮਾਗਮ ’ਚ ਪਿਆ ਭੜਥੂ
Wednesday, May 04, 2022 - 11:49 AM (IST)
ਚਿਤਰਕੂਟ- ਉੱਤਰ ਪ੍ਰਦੇਸ਼ ਦੇ ਚਿਤਰਕੂਟ ’ਚ ਖੁਸ਼ੀ ’ਚ ਕੀਤੀ ਫਾਇਰਿੰਗ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਬਰਾਤ ’ਚ ਫਾਇਰਿੰਗ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਜਦਕਿ ਗੋਲੀ ਲੱਗਣ ਨਾਲ ਮੌਕੇ ’ਤੇ ਮੌਜੂਦ ਦੋ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਫਾਇਰਿੰਗ ਕਾਰਨ ਵਿਆਹ ਸਮਾਰੋਹ ’ਚ ਭੜਥੂ ਪੈ ਗਿਆ। ਗੋਲੀਆਂ ਦੀ ਗੂੰਜ ਨਾਲ ਪੂਰਾ ਪਿੰਡ ਸਹਿਮ ਗਿਆ।
ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਸਥਿਤੀ ਨੂੰ ਸੰਭਾਲਿਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਮਾਮਲਾ ਰਾਜਾਪੁਰ ਥਾਣੇ ਦੇ ਛੈਬੋ ਪਿੰਡ ਦਾ ਹੈ, ਇੱਥੇ ਸ਼ਿਵਮ ਭਈਆ ਯਾਦਵ ਪੁੱਤਰ ਅਵਸਰੀ ਦੇ ਘਰ ਬਰਾਤ ਆਈ ਸੀ। ਦੇਰ ਰਾਤ ਜੈਮਾਲਾ ਦੇ ਸਮੇਂ ਰਾਮਲੱਖਣ ਅਤੇ ਰਾਮਕਰਨ ਯਾਦਵ ਖੁਸ਼ੀ ’ਚ ਫਾਇਰਿੰਗ ਕਰਨ ਲੱਗੇ। ਖੁਸ਼ੀ ’ਚ ਕੀਤੀ ਫਾਇਰਿੰਗ ਦੌਰਾਨ 4 ਲੋਕਾਂ ਨੂੰ ਗੋਲੀ ਲੱਗ ਗਈ। ਇਨ੍ਹਾਂ ’ਚੋਂ 2 ਦੀ ਮੌਤ ਹੋ ਗਈ, ਜਦਿਕ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ 15 ਮਿੰਟ ਤੱਕ ਤਾਬੜਤੋੜ ਫਾਇਰਿੰਗ ਹੁੰਦੀ ਰਹੀ।
ਫਾਇਰਿੰਗ ਤੋਂ ਬਾਅਦ ਵਿਆਹ ਸਮਾਰੋਹ ’ਚ ਹਫੜਾ-ਦਫੜੀ ਮਗਰੋਂ ਇਕਦਮ ਸੰਨਾਟਾ ਪਸਰ ਗਿਆ। ਇਸ ਮਾਮਲੇ ’ਚ ਰਾਜਾਪੁਰ ਥਾਣਾ ਮੁਖੀ ਅਵਧੇਸ਼ ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਛੈਬੋ ਪਿੰਡ ਦੀ ਹੈ। ਖੁਸ਼ੀ ’ਚ ਕੀਤੀ ਫਾਇਰਿੰਗ ਦੌਰਾਨ ਇਹ ਹਾਦਸਾ ਵਾਪਰਿਆ। ਪੁਲਸ ਜਾਂਚ-ਪੜਤਾਲ ਕਰ ਰਹੀ ਹੈ।