ਯੂ.ਪੀ. ’ਚ ਸਪਾ ਵਿਧਾਇਕ ਕਾਵੇਂਦਰ ਚੌਧਰੀ ਦੇ ਸਾਲੇ ਵਲੋਂ ਖੁਦਕੁਸ਼ੀ
Wednesday, Sep 24, 2025 - 08:38 PM (IST)

ਲਖਨਊ – ਰਾਜਧਾਨੀ ਲਖਨਊ ’ਚ ਸਪਾ ਵਿਧਾਇਕ ਕਾਵੇਂਦਰ ਚੌਧਰੀ ਦੇ ਸਾਲੇ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਗੋਮਤੀਨਗਰ ਸਥਿਤ ਸਰਜਨ ਵਿਹਾਰ ਕਾਲੋਨੀ ਦੀ ਹੈ, ਜਿੱਥੇ 27 ਸਾਲਾ ਕਾਰਤਿਕ ਰਾਜ ਵਰਮਾ ਆਪਣੇ ਘਰ ’ਚ ਫਾਹੇ ਨਾਲ ਲਟਕਦੇ ਪਾਏ ਗਏ। ਜਾਣਕਾਰੀ ਮੁਤਾਬਕ ਕਾਰਤਿਕ ਅੰਬੇਦਕਰ ਨਗਰ ’ਚ ਹੋਟਲ ਚਲਾਉਂਦਾ ਸੀ ਤੇ ਲੰਬੇ ਸਮੇਂ ਤੋਂ ਉਦਾਸੀ ’ਚ ਸੀ। ਹਾਲਾਂਕਿ ਮੌਕੇ ’ਤੇ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।
ਗੋਮਤੀਨਗਰ ਇੰਸਪੈਕਟਰ ਬ੍ਰਜੇਸ਼ ਚੰਦਰ ਤਿਵਾੜੀ ਨੇ ਦੱਸਿਆ ਕਿ ਕਾਰਤਿਕ ਦੇ ਪਿਤਾ ਸ਼ੋਭਾ ਰਾਮ ਵਰਮਾ ਬਲੀਆ ’ਚ ਜ਼ਿਲਾ ਪੰਚਾਇਤ ਵਿਭਾਗ ’ਚ ਇੰਜੀਨੀਅਰ ਹੈ ਤੇ ਘਟਨਾ ਸਮੇਂ ਘਰ ’ਚ ਮੌਜੂਦ ਨਹੀਂ ਸੀ। ਬੁੱਧਵਾਰ ਸਵੇਰੇ ਨੌਕਰ ਨੇ ਕਮਰੇ ’ਚ ਕਾਰਤਿਕ ਦੀ ਲਾਸ਼ ਦੇਖੀ ਤੇ ਰੌਲਾ ਪਾਇਆ। ਗੁਆਂਢੀਆਂ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰ ਕੇ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦਾ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਫਿਲਹਾਲ, ਪੁਲਸ ਜਾਂਚ ਕਰ ਰਹੀ ਹੈ ਤੇ ਸਬੂਤਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।