ਸ਼ਾਰਟ ਸਰਕਿਟ ਨਾਲ ਲੱਗੀ ਭਿਆਨਕ ਅੱਗ, 3 ਦੁਕਾਨਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ

Saturday, May 14, 2022 - 05:24 PM (IST)

ਜੌਨਪੁਰ– ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਮੁੰਗਰਾਬਾਦਸ਼ਾਹਪੁਰ ਨਗਰ ’ਚ ਸ਼ੁੱਕਰਵਾਰ ਦੀ ਰਾਤ ਹਲਦੀਰਾਮ ਨਮਕੀਨ ਏਜੰਸੀ ਸਮੇਤ ਦੁਕਾਨਾਂ ’ਚ ਸ਼ਾਰਟ ਸਰਕਿਟ ਹੋਣ ਨਾਲ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 2 ਲੱਖ ਰੁਪਏ ਨਕਦੀ ਸਮੇਤ 20 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੁਲਸ ਮੁਤਾਬਕ ਜ਼ਿਲ੍ਹੇ ’ਚ ਮੁੰਗਰਾਬਾਦਸ਼ਾਹਪੁਰ ਥਾਣਾ ਖੇਤਰ ਦੇ ਸੁਤਹੱਟੀ ਮੁਹੱਲਾ ਵਾਸੀ ਅਨਿਰੁੱਧ ਗੁਪਤਾ ਦੇ ਮਕਾਨ ਦੇ ਗਰਾਊਂਡ ਫਲੋਰ ’ਤੇ 4 ਦੁਕਾਨਾਂ ਹਨ। ਇਨ੍ਹਾਂ ’ਚੋਂ ਇਕ ’ਚ ਗੁਪਤਾ ਦੀ ਹਲਦੀਰਾਮ ਏਜੰਸੀ ਅਤੇ ਗੋਦਾਮ ਹੈ ਅਤੇ ਇਕ ਹੋਰ ’ਚ ਉਨ੍ਹਾਂ ਦੀ ਪਤਨੀ ਨੰਦਨੀ ਗੁਪਤਾ ਦੀ ਜਨਰਲ ਸਟੋਰ ਦੀ ਦੁਕਾਨ ਹੈ। 

ਮਕਾਨ ਦੀ ਦੂਜੀ ਮੰਜ਼ਿਲ ’ਤੇ ਗੁਪਤਾ ਪਰਿਵਾਰ ਰਹਿੰਦਾ ਹੈ। ਬੀਤੀ ਰਾਤ ਲੱਗਭਗ 2 ਵਜੇ ਦੁਕਾਨ ’ਚ ਸ਼ਾਰਟ ਸਰਕਿਟ ਹੋਣ ਨਾਲ ਅੱਗ ਲੱਗ ਗਈ। ਦੁਕਾਨ ’ਚੋਂ ਧੂੰਆਂ ਨਿਕਲਦੇ ਵੇਖ ਕੁਝ ਲੋਕਾਂ ਨੇ ਰੌਲਾ ਪਾਇਆ ਤਾਂ ਅੱਗ ਲੱਗਣ ਦੀ ਜਾਣਕਾਰੀ ਮਿਲੀ। ਮੌਕੇ ’ਤੇ ਆਲੇ-ਦੁਆਲੇ ਦੇ ਲੋਕ ਪਹੁੰਚੇ। ਇੱਧਰ ਅੱਗ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਨਮਕੀਨ ਏਜੰਸੀ ਦੇ ਨਾਲ ਦੀਆਂ ਦੁਕਾਨਾਂ ਵੀ ਅੱਗ ਦੀ ਲਪੇਟ ’ਚ ਆ ਗਈਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। ਸੂਚਨਾ ਮਿਲਣ ’ਤੇ ਪੁਲਸ, ਨਗਰਪਾਲਿਕਾ ਪਰੀਸ਼ਦ ਦਾ ਪਾਣੀ ਟੈਂਕਰ ਅਤੇ ਫਾਇਰ ਬ੍ਰਿਗੇਡ ਗੱਡੀ ਮੌਕੇ ’ਤੇ ਪਹੁੰਚ ਗਈ। ਅੱਗ ਨਾਲ ਤਿੰਨੋਂ ਦੁਕਾਨਾਂ ’ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉੱਪਰੀ ਮੰਜ਼ਿਲ ’ਤੇ ਫਸੇ ਪਰਿਵਾਰ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਸੁਰੱਖਿਅਤ ਕੱਢਿਆ ਗਿਆ।


Tanu

Content Editor

Related News