ਭਿਆਨਕ ਹਾਦਸੇ ਨਾਲ ਦਹਿਲਿਆ UP; ਦੋ ਟਰੱਕਾਂ ਨੇ ਟਰੈਕਟਰ ਟਰਾਲੀ ਨੂੰ ਕੁਚਲਿਆ, 4 ਦੀ ਮੌਤ

09/15/2022 12:41:23 PM

ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਸਿਧੌਲੀ ਥਾਣਾ ਖੇਤਰ ’ਚ ਰਾਸ਼ਟਰੀ ਹਾਈਵੇਅ-24 ’ਤੇ ਦੋ ਟਰੱਕਾਂ ਨੇ ਇਕ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ’ਤੇ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੈਕਟਰ ਟਰਾਲੀ ’ਤੇ ਇਕ ਹੀ ਪਰਿਵਾਰ ਦੇ 35 ਮੈਂਬਰ ਸਵਾਰ ਸਨ ਅਤੇ ਤੇਜ਼ ਰਫ਼ਤਾਰ ਟਰੱਕ ਨੇ ਅੱਗਿਓਂ, ਜਦਕਿ ਦੂਜੇ ਨੇ ਪਿੱਛਿਓਂ ਉਸ ’ਚ ਜ਼ੋਰਦਾਰ ਟੱਕਰ ਮਾਰ ਦਿੱਤੀ। ਅਧਿਕਾਰੀ ਮੁਤਾਬਕ ਹਾਦਸੇ ’ਚ 4 ਲੋਕਾਂ ਦੇ ਮਰਨ ਅਤੇ 30 ਹੋਰ ਜ਼ਖ਼ਮੀ ਹੋਣ ਦੀ ਖ਼ਬਰ ਹੈ। 4 ਜ਼ਖਮੀਆਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਇਲਾਜ ਲਈ ਲਖਨਊ ਦੇ ਟਰਾਮਾ ਸੈਂਟਰ ਭੇਜ ਦਿੱਤਾ ਗਿਆ ਹੈ। 

PunjabKesari

ਵਧੀਕ ਪੁਲਸ ਸੁਪਰਡੈਂਟ (ਦੱਖਣੀ) ਐਨ. ਪੀ. ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ, ਜਦੋਂ ਸ਼ਾਹਜਹਾਨਪੁਰ ਦੇ ਰੋਜ਼ਾ ਖੇਤਰ ਦੇ 35 ਲੋਕ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਬਾਰਾਬੰਕੀ ਦੇ ਦੇਵਾ ਸ਼ਰੀਫ਼ ਦਰਗਾਹ 'ਤੇ ਮੁੰਡਨ ਦੀ ਰਸਮ ਕਰਨ ਲਈ ਜਾ ਰਹੇ ਸਨ। ਸਿੰਘ ਅਨੁਸਾਰ ਜਦੋਂ ਇਹ ਲੋਕ ਸਿਧੌਲੀ ਕਸਬੇ ਕੋਲ ਪੁੱਜੇ ਤਾਂ ਤੇਜ਼ ਮੀਂਹ ਪੈ ਰਿਹਾ ਸੀ ਤਾਂ ਇਕ ਟਰੱਕ ਨੇ ਉਨ੍ਹਾਂ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਜਦਕਿ ਦੂਜੇ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। 

ਗੰਭੀਰ ਰੂਪ ਨਾਲ ਜ਼ਖਮੀ ਚਾਰ ਲੋਕਾਂ ਨੂੰ ਲਖਨਊ ਦੇ ਟਰਾਮਾ ਸੈਂਟਰ ਭੇਜਿਆ ਗਿਆ ਹੈ। ਸਿੰਘ ਅਨੁਸਾਰ ਮ੍ਰਿਤਕਾਂ ਦੀ ਪਛਾਣ 40 ਸਾਲਾ ਇਜ਼ਰਾਈਲ, 18 ਸਾਲਾ ਸਬਬੁਲ, 12 ਸਾਲਾ ਹਸਨ ਅਤੇ 70 ਸਾਲਾ ਨੂਰ ਮੁਹੰਮਦ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News