ਅਸਥਿਰ ਪਾਕਿਸਤਾਨ ਸਾਰੇ ਦੇਸ਼ਾਂ ਲਈ ਖ਼ਤਰਨਾਕ : ਫਾਰੂਕ ਅਬਦੁੱਲਾ
Wednesday, May 10, 2023 - 04:48 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਇੱਥੇ ਬੁੱਧਵਾਰ ਨੂੰ ਕਿਹਾ ਕਿ ਇਕ ਅਸਥਿਰ ਪਾਕਿਸਤਾਨ, ਭਾਰਤ ਸਮੇਤ ਸਾਰੇ ਦੇਸ਼ਾਂ ਲਈ ਖ਼ਤਰਨਾਕ ਹੈ। ਇਸਲਾਮਾਬਾਦ 'ਚ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਦੇ ਇਕ ਦਿਨ ਬਾਅਦ ਸਾਬਕਾ ਕੇਂਦਰੀ ਮੰਤਰੀ ਅਬਦੁੱਲਾ ਦਾ ਇਹ ਬਿਆਨ ਆਇਆ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਕਿਹਾ,''ਇਕ ਅਸਥਿਰ ਪਾਕਿਸਤਾਨ ਸਾਡੇ ਦੇਸ਼ ਸਮੇਤ ਸਾਰੇ ਦੇਸ਼ਾਂ ਲਈ ਖ਼ਤਰਨਾਕ ਹੈ। ਅਸੀਂ ਇਕ ਮਜ਼ਬੂਤ ਅਤੇ ਲੋਕਤੰਤਰੀ ਪਾਕਿਸਤਾਨ ਚਾਹੁੰਦੇ ਹਾਂ, ਜਿੱਥੇ ਲੋਕਤੰਤਰ ਵਧੇ-ਫੁੱਲੇ।''
ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨ 'ਚ ਅੰਤਰੂਨੀ ਸਥਿਤੀ ਬਹੁਤ ਖ਼ਤਰਨਾਕ ਹੈ ਅਤੇ ਇਸ ਦੀ ਆਰਥਿਕ ਸਥਿਤੀ ਵੀ ਖ਼ਸਤਾ ਹਾਲਤ 'ਚ ਹੈ। ਉਨ੍ਹਾ ਕਿਹਾ,''ਪਿਛਲੇ ਸਾਲ ਖੇਤਰ 'ਚ ਹੜ੍ਹ ਆਇਆ ਸੀ ਅਤੇ ਕਈ ਇਲਾਕੇ ਹੁਣ ਤੱਕ ਇਸ ਤੋਂ ਪ੍ਰਭਾਵਿਤ ਹਨ। ਉੱਥੇ ਦੇ ਲੋਕ ਅਜੇ ਵੀ ਇਸ ਤੋਂ ਉੱਭਰ ਨਹੀਂ ਸਕੇ ਹਨ। ਇਨ੍ਹਾਂ ਸਥਿਤੀਆਂ 'ਚ, ਅਜਿਹੀ ਸਥਿਤੀ ਬਣਨਾ ਕਿਤੇ ਵੱਧ ਖ਼ਤਰਨਾਕ ਹੈ।'' ਉਨ੍ਹਾਂ ਨੇ ਗੁਆਂਢੀ ਦੇਸ਼ 'ਚ ਸਥਿਤੀ ਖ਼ਤਰਨਾਕ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ,''ਜੇਕਰ ਤੁਸੀਂ ਪਾਕਿਸਤਾਨ ਦੇ ਇਤਿਹਾਸ 'ਚ ਗੌਰ ਕਰੋ ਤਾਂ ਦੇਖੋਗੇ ਕਿ ਆਜ਼ਾਦੀ ਦੇ ਬਾਅਦ ਤੋਂ ਪਹਿਲੇ ਪ੍ਰਧਾਨ ਮੰਤਰੀ (ਲਿਆਕਤ ਅਲੀ ਖਾਨ) ਦਾ ਕਤਲ ਕਰ ਦਿੱਤਾ ਗਿਆ, ਇਸ ਤੋਂ ਬਾਅਦ (ਜੁਲਫਿਕਾਰ ਅਲੀ) ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ, ਫਿਰ ਉਨ੍ਹਾਂ ਦੀ ਧੀ ਬੇਨਜੀਰ ਭੁੱਟੋ ਦਾ ਕਤਲ ਹੋਇਆ। ਹੁਣ ਇਮਰਾਨ ਖਾਨ ਚੌਥੇ ਸਾਬਕਾ ਪ੍ਰਧਾਨ ਮੰਤਰੀ ਹਨ, ਜੋ ਜੇਲ੍ਹ ਭੇਜ ਦਿੱਤੇ ਗਏ ਹਨ। ਅੱਲਾਹ ਉਨ੍ਹਾਂ ਨੂੰ ਸਲਾਮਤ ਰੱਖੇ।''