ਖੇਤੀਬਾੜੀ ਮੰਤਰੀ ਤੋਮਰ ਨੇ ਬਜਟ ਦਾ ਕੀਤਾ ਸੁਆਗਤ, ਆਖ਼ੀ ਇਹ ਗੱਲ
Tuesday, Feb 01, 2022 - 06:33 PM (IST)
ਨਵੀਂ ਦਿੱਲੀ (ਵਾਰਤਾ)- ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਮ ਬਜਟ ਦਾ ਸੁਆਗਤ ਕਰਦੇ ਹੋਏ ਕਿਹਾ ਹੈ ਕਿ ਇਹ ਪਿੰਡ-ਗਰੀਬ, ਕਿਸਾਨ, ਔਰਤਾਂ ਅਤੇ ਨੌਜਵਾਨਾਂ ਦਾ ਬਜਟ ਹੈ। ਬਜਟ 'ਚ ਖੇਤੀ ਖੇਤਰ ਦੇ ਸੰਪੂਰਨ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ 'ਚ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ। ਬਜਟ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਤੋਮਰ ਨੇ ਕਿਹਾ ਕਿ ਬਜਟ 'ਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੇ ਦੂਰਦ੍ਰਿਸ਼ਟੀ ਦਿਖਾਈ ਹੈ। ਆਉਣ ਵਾਲੇ 25 ਸਾਲਾਂ 'ਚ ਸਾਡਾ ਦੇਸ਼ ਕਿਹੋ ਜਿਹਾ ਹੋਵੇਗਾ, ਇਹ ਝਲਕ ਇਸ ਬਜਟ 'ਚ ਨਜ਼ਰ ਆਉਂਦੀ ਹੈ।
ਉਨ੍ਹਾਂ ਨੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਦਾ ਬਜਟ ਸਰਕਾਰ ਦੇ ਦੋਵੇਂ ਕਾਰਜਕਾਲ 'ਚ ਲਗਾਤਾਰ ਵਧਾਇਆ ਜਾ ਰਿਹਾ ਹੈ, ਇਸ ਵਾਰ ਵੀ ਇਸ ਨੂੰ ਵਧਾ ਕੇ 1.32 ਲੱਖ ਕਰੋੜ ਰੁਪਏ ਤੋਂ ਵੱਧ ਰੱਖਿਆ ਗਿਆ ਹੈ, ਜੋ ਬੀਤੇ ਸਾਲ 1.23 ਲੱਖ ਕਰੋੜ ਸੀ। ਤੋਮਰ ਨੇ ਕਿਹਾ ਕਿ ਬਜਟ 'ਚ ਖੇਤੀ ਉਤਪਾਦਨ ਅਤੇ ਉਤਪਾਦਕਤਾ ਵਧਾਉਣ 'ਤੇ ਜ਼ੋਰ ਹੈ, ਨਾਲ ਹੀ ਤਿਲਹਨ ਮਿਸ਼ਨ ਖੇਤੀ ਨੂੰ ਤਕਨਾਲੋਜੀ ਨਾਲ ਜੋੜਨ, ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਸਹੀ ਕੀਮਤ ਦਿਵਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਗਏ ਹਨ। ਐੱਮ.ਐੱਸ.ਪੀ. ਲਈ ਲਗਭਗ ਢਾਈ ਲੱਖ ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿਸਾਨਾਂ ਲਈ ਖ਼ੁਸ਼ੀ ਦੀ ਗੱਲ ਹੈ। ਖੇਤੀ ਵਿਭਿੰਨਤਾ, ਜੈਵਿਕ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨਾ, ਕਿਸਾਨਾਂ ਦੀ ਸਮਰੱਥਾ-ਕੁਸ਼ਲਤਾ ਵਿਚ ਵਾਧਾ, ਫ਼ਸਲਾਂ ਦਾ ਮੁਲਾਂਕਣ, ਕਿਸਾਨ ਡਰੋਨ, ਸਿੰਚਾਈ, ਖੇਤੀਬਾੜੀ ਯੂਨੀਵਰਸਿਟੀਆਂ 'ਚ ਕੋਰਸ ਸ਼ਾਮਲ ਕਰਨਾ, ਖੇਤੀਬਾੜੀ ਖੋਜ ਇਹ ਸਾਰੇ ਬੇਮਿਸਾਲ ਪ੍ਰਬੰਧ ਹਨ, ਜੋ ਖੇਤੀਬਾੜੀ ਖੇਤਰ 'ਚ ਆਦਰਸ਼ ਤਬਦੀਲੀ ਲਿਆਉਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ