ਉਨਾਵ ਗੈਂਗਰੇਪ ਪੀੜਤਾ ਨੇ ਹਸਪਤਾਲ 'ਚ ਤੋੜਿਆ ਦਮ
Saturday, Dec 07, 2019 - 12:30 AM (IST)

ਨਵੀਂ ਦਿੱਲੀ — ਉਨਾਵ ਗੈਂਗਰੇਪ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਕਰੀਬ 11.40 ਵਜੇ ਸਫਦਰਗੰਜ ਹਸਪਤਾਲ 'ਚ ਦਮ ਤੋੜ ਦਿੱਤਾ। ਵੀਰਵਾਰ ਨੂੰ ਪੀੜਤਾ ਨੂੰ ਲਖਨਊ ਪੀ.ਜੀ.ਆਈ. ਤੋਂ ਏਅਰ ਐਂਬੁਲੈਂਸ ਦੇ ਜ਼ਰੀਏ ਦਿੱਲੀ ਲਿਆਂਦਾ ਗਿਆ ਸੀ। ਦੋਸ਼ੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਸਾੜ ਦਿੱਤਾ ਸੀ। ਉੱਪਰ ਤੋਂ ਲੈ ਕੇ ਹੇਠਾਂ ਤਕ ਪੀੜਤਾ ਦਾ ਸਾਰਾ ਸ਼ਰੀਰ 90 ਫੀਸਦੀ ਤਕ ਸੜ ਗਿਆ ਸੀ। ਪੀੜਤਾ ਦਾ ਸਫਦਰਗੰਜ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।
ਜ਼ਿਕਰਯੋਗ ਹੈ ਕਿ 23 ਸਾਲ ਦੀ ਪੀੜਤਾ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਵੀਰਵਾਰ ਨੂੰ ਸ਼ਿਫਟ ਕੀਤਾ ਗਿਆ ਸੀ। ਔਰਤ ਨੇ ਇਸੇ ਸਾਲ ਮਾਰਚ ਮਹੀਨੇ 'ਚ ਰੇਪ ਕੇਸ ਦਰਜ ਕਰਵਾਇਆ ਸੀ, ਜਿਸ ਦਾ ਓਨਾਵ ਦੀ ਇਕ ਲੋਕਲ ਕੋਰਟ 'ਚ ਟ੍ਰਾਇਲ ਚੱਲ ਰਿਹਾ ਸੀ। ਪੁਲਸ ਅਨੁਸਾਰ, 5 ਦੋਸ਼ੀਆਂ ਦੀ ਪਛਾਣ ਸ਼ੁਭਮ, ਸ਼ਿਵਮ, ਹਰਿਸ਼ੰਕਰ, ਉਮੇਸ਼ ਅਤੇ ਰਾਮ ਕਿਸ਼ੋਰ ਦੇ ਰੂਪ 'ਚ ਹੋਈ ਹੈ, ਜਿਨ੍ਹਾਂ ਨੇ ਪੀੜਤਾ ਦੇ ਉੱਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲੱਗਾ ਦਿੱਤੀ ਸੀ। ਵੀਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਮਾਮਲੇ 'ਚ ਨੋਟਿਸ ਲੈਂਦੇ ਹੋਏ ਪੀੜਤਾ ਦੇ ਇਲਾਜ 'ਚ ਮਦਦ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿੱਤੇ।