ਦਿੱਲੀ ਏਅਰਪੋਰਟ ’ਤੇ ਅਣਪਛਾਤੇ ਵਿਅਕਤੀ ਨੇ ਭੇਜੀ ਬੰਬ ਦੀ ਧਮਕੀ, ਬਾਅਦ ’ਚ ਮੰਗੀ ਮੁਆਫੀ
Tuesday, Jan 03, 2023 - 11:29 AM (IST)
![ਦਿੱਲੀ ਏਅਰਪੋਰਟ ’ਤੇ ਅਣਪਛਾਤੇ ਵਿਅਕਤੀ ਨੇ ਭੇਜੀ ਬੰਬ ਦੀ ਧਮਕੀ, ਬਾਅਦ ’ਚ ਮੰਗੀ ਮੁਆਫੀ](https://static.jagbani.com/multimedia/2023_1image_11_29_244818091delhiairport.jpg)
ਨਵੀਂ ਦਿੱਲੀ- ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਹਵਾਈ ਅੱਡੇ ਦੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਬੰਬ ਦੀ ਧਮਕੀ ਦੇ ਸਬੰਧ ’ਚ ਸੰਦੇਸ਼ ਭੇਜੇ ਸਨ ਪਰ ਉਹ ਝੂਠੇ ਨਿਕਲੇ।
31 ਦਸੰਬਰ, 2022 ਨੂੰ ਸਵੇਰੇ 8.39 ਵਜੇ ਤੋਂ ਸਵੇਰੇ 10.40 ਵਜੇ ਤੱਕ ਸੰਦੇਸ਼ ਮਿਲਣ ਤੋਂ ਬਾਅਦ, ਏਅਰਪੋਰਟ ਅਥਾਰਟੀ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਉਕਤ ਅਕਾਊਂਟ ਦੀ ਪੜਤਾਲ ਕੀਤੀ ਗਈ। ਹਾਲਾਂਕਿ, ਸਵੇਰੇ 10.40 ਵਜੇ ਆਖਰੀ ਸੰਦੇਸ਼ ’ਚ ਅਣਪਛਾਤੇ ਵਿਅਕਤੀ ਨੇ ਲਿਖਿਆ, ‘‘ਇਮਾਨਦਾਰੀ ਨਾਲ ਕਹਾਂ ਤਾਂ, ਮੈਂ ਮੁਆਫੀ ਚਾਹੁੰਦਾ ਹਾਂ।’’
ਐੱਫ. ਆਈ. ਆਰ. ਅਨੁਸਾਰ, ਦਿੱਲੀ ਏਅਰਪੋਰਟ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੈਂਡਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਦੀ ਸ਼ਿਫਟ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ ਅਤੇ 31 ਦਸੰਬਰ ਨੂੰ ਉਸ ਨੇ ਦੇਖਿਆ ਕਿ ਆਈ. ਜੀ. ਆਈ. ਦੇ ਅਧਿਕਾਰਤ ਹੈਂਡਲ ’ਤੇ ਇਕ ਟਵਿੱਟਰ ਅਕਾਊਂਟ ਤੋਂ ਕਈ ਸੰਦੇਸ਼ ਆਏ ਸਨ। ਇਹ ਸੰਦੇਸ਼ ਦਿੱਲੀ ਹਵਾਈ ਅੱਡੇ ’ਤੇ ਬੰਬ ਦੀ ਧਮਕੀ ਨਾਲ ਸਬੰਧਤ ਸਨ। ਦਿੱਲੀ ਪੁਲਸ ਨੇ ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਹੈ।