ਇਹ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਦਾ ਪੂਰਾ ਪ੍ਰੋਗਰਾਮ

02/23/2020 2:42:22 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਦੋ ਦਿਨ ਦੀ ਭਾਰਤ ਫੇਰੀ 'ਤੇ ਆਉਣ ਵਾਲੇ ਹਨ। ਟਰੰਪ ਦੇ ਨਾਲ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਵੀ ਆਉਣਗੇ। ਇਸ ਦੇ ਇਲਾਵਾ ਕਈ ਉੱਚ ਅਧਿਕਾਰੀ ਵੀ ਉਹਨਾਂ ਦੇ ਨਾਲ ਹੋਣਗੇ। ਭਾਰਤ ਦੌਰੇ ਨੂੰ ਲੈ ਕੇ ਟਰੰਪ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਨੇ ਟਵਿੱਟਰ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।ਅੱਜ ਅਸੀਂ ਤੁਹਾਨੂੰ ਭਾਰਤੀ ਸਮੇਂ ਮੁਤਾਬਕ ਟਰੰਪ ਦੀ ਭਾਰਤ ਫੇਰੀ ਦੇ ਪ੍ਰੋਗਰਾਮ ਦਾ ਵੇਰਵਾ ਦੱਸਣ ਜਾ ਰਹੇ ਹਾਂ।

24 ਫਰਵਰੀ, ਅਹਿਮਦਾਬਾਦ
- ਡੋਨਾਲਡ ਟਰੰਪ ਦਾ ਵਿਸ਼ੇਸ਼ ਜਹਾਜ਼ ਏਅਰਫੋਰਸ ਵਨ 24 ਫਰਵਰੀ ਨੂੰ ਸਵੇਰੇ 11:55 ਵਜੇ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੇਗਾ।ਪੀ.ਐੱਮ. ਨਰਿੰਦਰ ਮੋਦੀ ਖੁਦ ਉਹਨਾਂ ਦਾ ਸਵਾਗਤ ਕਰਨਗੇ।

- ਹਵਾਈ ਅੱਡੇ ਤੋਂ ਮੋਟੇਰਾ ਸਟੇਡੀਅਮ ਤੱਕ ਡੋਨਾਲਡ ਟਰੰਪ ਅਤੇ ਪੀ.ਐੱਮ. ਮੋਦੀ 22 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ। ਇਸ ਰੋਡ ਸ਼ੋਅ ਵਿਚ ਭਾਰਤ ਦੀ ਝਲਕ ਦਿਖਾਉਣ ਲਈ 28 ਮੰਚ ਬਣਾਏ ਜਾ ਰਹੇ ਹਨ। ਇਸ ਨੂੰ 'ਇੰਡੀਆ ਰੋਡ' ਨਾਮ ਦਿੱਤਾ ਗਿਆ ਹੈ।

- ਇਸ ਦੌਰਾਨ ਟਰੰਪ ਅਤੇ ਮੇਲਾਨੀਆ ਸਾਬਰਮਤੀ ਆਸ਼ਰਮ ਜਾਣਗੇ। ਇੱਥੇ ਉਹ ਸਿਰਫ 15 ਮਿੰਟ ਰੁਕਣਗੇ। ਦੋਹਾਂ ਨੂੰ ਇੱਥੇ 'ਚਰਖਾ' ਤੋਹਫੇ ਵਜੋਂ ਦਿੱਤਾ ਜਾਵੇਗਾ।

- ਸਾਬਰਮਤੀ ਆਸ਼ਰਮ ਤੋਂ ਨਿਕਲ ਕੇ ਟਰੰਪ ਅਹਿਮਦਾਬਾਦ ਦੇ ਨਵੇਂ ਬਣਾਏ ਗਏ ਮੋਟੇਰਾ ਸਟੇਡੀਅਮ ਵਿਚ 1:15 ਵਜੇ ਪਹੁੰਚਣਗੇ। ਇੱਥੇ ਉਹ ਪੀ.ਐੱਮ. ਮੋਦੀ ਦੇ ਨਾਲ 'ਨਮਸਤੇ ਟਰੰਪ' ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ। ਇਹ ਪ੍ਰੋਗਰਾਮ 'ਹਾਊਡੀ ਮੋਦੀ' ਜਿਹਾ ਹੋਵੇਗਾ।

- ਸੂਤਰਾਂ ਮੁਤਾਬਕ 'ਨਮਸਤੇ ਟਰੰਪ' ਪ੍ਰੋਗਰਾਮ ਵਿਚ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ। ਇਸ ਵਿਚ ਕਈ ਬਾਲੀਵੁੱਡ ਸ਼ਖਸੀਅਤਾਂ ਵੀ ਸ਼ਾਮਲ ਹੋਣਗੀਆਂ।

- ਮੋਟੇਰਾ ਸਟੇਡੀਅਮ ਵਿਚ ਆਯੋਜਿਤ ਪ੍ਰੋਗਰਾਮ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬੁਲਾਇਆ ਗਿਆ ਹੈ। ਇਸ ਪ੍ਰੋਗਰਾਮ ਦੇ ਬਾਅਦ ਪੀ.ਐੱਮ. ਮੋਦੀ ਵੱਲੋਂ ਅਮਰੀਕੀ ਮਹਿਮਾਨਾਂ ਲਈ ਲੰਚ ਦਾ ਆਯੋਜਨ ਕੀਤਾ ਜਾਵੇਗਾ।

- ਟਰੰਪ ਅਤੇ ਮੇਲਾਨੀਆ ਤਕਰੀਬਨ 150 ਮਿੰਟ ਅਹਿਮਦਾਬਾਦ ਵਿਚ ਰੁਕਣਗੇ। ਲੰਚ ਕਰਨ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਦਾ ਕਾਫਿਲਾ 3:30 ਵਜੇ ਆਗਰਾ ਲਈ ਰਵਾਨਾ ਹੋਵੇਗਾ।

24 ਫਰਵਰੀ , ਆਗਰਾ
- 24 ਫਰਵਰੀ ਨੂੰ ਰਾਸ਼ਟਰਪਤੀ ਟਰੰਪ ਸ਼ਾਮ 5 ਵਜੇ ਦੇ ਕਰੀਬ ਆਗਰਾ ਪਹੁੰਚਣਗੇ। ਇੱਥੇ ਉਹ ਸੂਰਜ ਡੁੱਬਣ ਤੋਂ ਪਹਿਲਾਂ ਤਾਜਮਹਿਲ ਦੇਖਣਗੇ।

- ਤਾਜਮਹਿਲ ਦਾ ਦੌਰਾ ਕਰਨ ਤੋਂ ਬਾਅਦ ਸ਼ਾਮ 6:30 ਵਜੇ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ।

25 ਫਰਵਰੀ, ਨਵੀਂ ਦਿੱਲੀ
-ਨਵੀਂ ਦਿੱਲੀ ਵਿਚ ਸਥਿਤ ਰਾਸ਼ਟਰਪਤੀ ਭਵਨ ਵਿਚ 25 ਫਰਵਰੀ ਦੀ ਸਵੇਰੇ 10 ਵਜੇ ਟਰੰਪ ਅਤੇ ਮੇਲਾਨੀਆ ਦਾ ਰਸਮੀ ਸਵਾਗਤ ਕੀਤਾ ਜਾਵੇਗਾ। ਟਰੰਪ ਨੂੰ ਭਾਰਤੀ ਹਥਿਆਰਬੰਦ ਬਲਾਂ ਵੱਲੋਂ 'ਗਾਰਡ ਆਫ ਆਨਰ' ਦਿੱਤਾ ਜਾਵੇਗਾ।

- ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀ.ਐੱਮ. ਨਰਿੰਦਰ ਮੋਦੀ ਵੀ ਮੌਜੂਦ ਰਹਿਣਗੇ।

- 10:45 ਵਜੇ ਨਵੀਂ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਪਤੀ ਟਰੰਪ ਦੇ ਵਿਚ ਦੋ-ਪੱਖੀ ਵਾਰਤਾ ਹੋਵੇਗੀ। ਇਸ ਦੌਰਾਨ ਕਈ ਮੁੱਦਿਆਂ 'ਤੇ ਦੋਵੇਂ ਦੇਸ਼ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ।

- ਹੈਦਰਾਬਾਦ ਹਾਊਸ ਵਿਚ ਦੋ-ਪੱਖੀ ਵਾਰਤਾ ਦੇ ਬਾਅਦ ਰਾਸ਼ਟਰਪਤੀ ਟਰੰਪ ਅਤੇ ਪੀ.ਐੱਮ. ਮੋਦੀ ਇਕ ਸਾਂਝਾ ਬਿਆਨ ਜਾਰੀ ਕਰਨਗੇ। ਦੋਵੇਂ ਨੇਤਾ ਬੈਠਕ ਦੇ ਮੁੱਖ ਬਿੰਦੂਆਂ ਬਾਰੇ ਦੱਸਣਗੇ ਅਤੇ ਭੱਵਿਖ ਦੀ ਰੂਪਰੇਖਾ ਸਪੱਸ਼ਟ ਕਰਨਗੇ।

- ਇਸ ਦੇ ਬਾਅਦ ਮੋਦੀ ਵੱਲੋਂ ਟਰੰਪ ਅਤੇ ਮੇਲਾਨੀਆ ਨੂੰ ਸ਼ਾਨਦਾਰ ਦੁਪਹਿਰ ਦਾ ਭੋਜਨ ਕਰਵਾਰਇਆ ਜਾਵੇਗਾ।

- ਦੁਪਹਿਰ ਦੇ ਭੋਜਨ ਦੇ ਬਾਅਦ ਟਰੰਪ ਆਈ.ਟੀ.ਸੀ. ਮੌਰਯ ਹੋਟਲ ਜਾਣਗੇ, ਜਿੱਥੇ ਉਹ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਉਪ ਰਾਸ਼ਟਰਪਤੀ ਵੈਂਕੇਈਆ ਨਾਇਡੂ ਨਾਲ ਮੁਲਾਕਾਤ ਕਰਨਗੇ।

- ਮੇਲਾਨੀਆ ਟਰੰਪ ਦਿੱਲੀ ਸਥਿਤ ਸਰਕਾਰੀ ਸਕੂਲ ਦੀ ਹੈਪੀਨੈੱਸ ਕਲਾਸ ਦਾ ਦੌਰਾ ਕਰੇਗੀ ਅਤੇ ਬੱਚਿਆਂ ਨਾਲ ਮੁਲਾਕਾਤ ਕਰੇਗੀ। ਇਥੇ ਮੇਲਾਨੀਆ ਕਰੀਬ 45 ਮਿੰਟ ਤੱਕ ਰੁਕੇਗੀ।  

- ਦੁਪਹਿਰ 3 ਵਜੇ ਟਰੰਪ ਯੂ.ਐੱਸ. ਦੂਤਾਵਾਸ ਦਾ ਦੌਰਾ ਕਰਨਗੇ। ਦੂਤਾਵਾਸ ਵਿਚ ਟਰੰਪ ਦਾ ਭਾਰਤ ਦੇ ਵੱਡੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਵੀ ਹੈ।

- ਰਾਤ 8 ਵਜੇ ਰਾਸ਼ਟਰਪਤੀ ਭਵਨ ਵਿਚ ਟਰੰਪ ਦੇ ਸਨਮਾਨ ਵਿਚ ਰਾਤ ਦੇ ਭੋਜਨ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਬਾਅਦ ਰਾਤ 10 ਵਜੇ ਟਰੰਪ ਅਤੇ ਮੇਲਾਨੀਆ ਅਮਰੀਕਾ ਲਈ ਰਵਾਨਾ ਹੋਣਗੇ।


Vandana

Content Editor

Related News